ਸਰੀ, (ਦਿਵਰੂਪ ਕੌਰ): ਸ਼ਹਿਰ ਵਿੱਚ ਪ੍ਰਸਤਾਵਿਤ 2 ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸੈਂਟਰਾਂ ਦਾ ਵਿਰੋਧ ਕਰਨ ਲਈ ਸ਼ਨੀਵਾਰ ਨੂੰ ਸੈਂਕੜੇ ਲੋਕਾਂ ਨੇ ਵੈਨਕੂਵਰ ਦੀਆਂ ਸੜਕਾਂ ‘ਤੇ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਇਹ ਸੁਵਿਧਾਵਾਂ ਭਾਰੀ ਮਾਤਰਾ ਵਿੱਚ ਪਾਣੀ ਅਤੇ ਊਰਜਾ ਦੀ ਵਰਤੋਂ ਕਰਨਗੀਆਂ, ਉਹ ਵੀ ਅਜਿਹੇ ਸਮੇਂ ਜਦੋਂ ਖੇਤਰ ਪਹਿਲਾਂ ਹੀ ਪਾਣੀ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਇਹ ਮਾਰਚ ਵਾਟਰਫਰੰਟ ਸਟੇਸ਼ਨ ਤੋਂ ਸ਼ੁਰੂ ਹੋ ਕੇ ਗ੍ਰੈਨਵਿਲ ਆਈਲੈਂਡ ਤੱਕ ਕੱਢਿਆ ਗਿਆ। ਪ੍ਰਦਰਸ਼ਨ ਦੇ ਪ੍ਰਬੰਧਕ ਟੋਰਿਨ ਲਾਰੋਕ ਨੇ ਸ਼ਹਿਰ ਅਤੇ ਫੈਡਰਲ ਸਰਕਾਰ ਨੂੰ ਇਹਨਾਂ ਪ੍ਰੋਜੈਕਟਾਂ ਨੂੰ ਰੋਕਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਨੂੰ ਕਾਰਪੋਰੇਸ਼ਨਾਂ ਦੀ ਬਜਾਏ ਆਪਣੇ ਨਾਗਰਿਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕੰਪਨੀ ਟੇਲਸ ਵੱਲੋਂ ਵੈਨਕੂਵਰ ਵਿੱਚ 2 ਨਵੇਂ ਏਆਈ ਡਾਟਾ ਸੈਂਟਰ ਬਣਾਉਣ ਅਤੇ ਕੈਮਲੂਪਸ ਵਿੱਚ ਮੌਜੂਦਾ ਸੁਵਿਧਾ ਦੇ ਵਿਸਥਾਰ ਦੀ ਤਜਵੀਜ਼ ਰੱਖੀ ਗਈ ਹੈ। ਫੈਡਰਲ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਅਨੁਸਾਰ ਇਹ ਪ੍ਰੋਜੈਕਟ ਗਲੋਬਲ ਏਆਈ ਆਰਥਿਕਤਾ ਵਿੱਚ ਕੈਨੇਡਾ ਦੀ ਸਮਰੱਥਾ ਵਧਾਏਗਾ। ਪਹਿਲਾ ਪ੍ਰੋਜੈਕਟ ਮਾਊਂਟ ਪਲੈਜ਼ੈਂਟ ਵਿੱਚ ਇਸੇ ਸਾਲ ਸ਼ੁਰੂ ਹੋ ਜਾਵੇਗਾ, ਜਦਕਿ ਦੂਜਾ 2029 ਲਈ ਯੋਜਨਾਬੱਧ ਹੈ। ਇਸ ਪ੍ਰੋਜੈਕਟ ਨੂੰ ਬੀਸੀ ਸਰਕਾਰ ਅਤੇ ਵੈਨਕੂਵਰ ਦੇ ਮੇਅਰ ਕੇਨ ਸਿਮ ਦਾ ਸਮਰਥਨ ਪ੍ਰਾਪਤ ਹੈ। ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਨਤਾ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਮੈਟਰੋ ਵੈਨਕੂਵਰ ਵਿੱਚ ਇਸ ਵੇਲੇ ਸਟੇਜ 2 ਦੀਆਂ ਪਾਣੀ ਦੀਆਂ ਪਾਬੰਦੀਆਂ ਲਾਗੂ ਹਨ ਅਤੇ ਜੂਨ ਵਿੱਚ ਸਟੇਜ 3 ਲਾਗੂ ਹੋਣ ਦੀ ਸੰਭਾਵਨਾ ਹੈ।
ਮੈਟਰੋ ਵੈਨਕੂਵਰ ਦੀ ਜਲ ਸੇਵਾਵਾਂ ਵਿਭਾਗ ਦੀ ਡਾਇਰੈਕਟਰ ਲਿੰਡਾ ਪਾਰਕਿਨਸਨ ਨੇ ਕਿਹਾ ਕਿ ਉਹਨਾਂ ਲਈ ਇਹ ਦੇਖਣਾ ਅਹਿਮ ਹੋਵੇਗਾ ਕਿ ਕੀ ਇਹ ਸੈਂਟਰ ਪਾਣੀ ਨੂੰ ਰੀਸਾਈਕਲ ਕਰਦੇ ਹਨ ਜਾਂ ਨਹੀਂ।
ਟੇਲਸ ਦਾ ਦਾਅਵਾ ਹੈ ਕਿ ਇਹ ਪ੍ਰੋਜੈਕਟ 98 ਫੀਸਦੀ ਸਾਫ ਹਾਈਡ੍ਰੋ ਪਾਵਰ ‘ਤੇ ਚੱਲੇਗਾ ਅਤੇ 150000 ਘਰਾਂ ਨੂੰ ਗਰਮ ਕਰਨ ਲਈ ਊਰਜਾ ਦੇਵੇਗਾ। ਆਮ ਡਾਟਾ ਸੈਂਟਰ ਦੇ ਮੁਕਾਬਲੇ ਇਹ 90 ਫੀਸਦੀ ਘੱਟ ਪਾਣੀ ਵਰਤੇਗਾ। ਬੀਸੀ ਗ੍ਰੀਨ ਪਾਰਟੀ ਦੀ ਨੇਤਾ ਐਮਿਲੀ ਲੋਵਾਨ ਨੇ ਇਹਨਾਂ ਦਾਅਵਿਆਂ ‘ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਇਸ ਜ਼ਮੀਨ ਦੀ ਵਰਤੋਂ ਰਿਹਾਇਸ਼ ਜਾਂ ਹੋਰ ਭਾਈਚਾਰਕ ਲੋੜਾਂ ਲਈ ਕੀਤੀ ਜਾਣੀ ਚਾਹੀਦੀ ਹੈ। ਫੈਡਰਲ ਸਰਕਾਰ ਵੱਲੋਂ ਅਜੇ ਤੱਕ ਇਸ ਪ੍ਰੋਜੈਕਟ ਲਈ ਕੋਈ ਫੰਡ ਨਹੀਂ ਦਿੱਤਾ ਗਿਆ ਹੈ। This report was written by Divroop Kaur as part of the Local Journalism Initiative.

