ਸਰੀ, (ਦਿਵਰੂਪ ਕੌਰ): ਐਬਟਸਫੋਰਡ ਆਧਾਰਿਤ ਚੈਰਿਟੀ ਸੰਸਥਾ ਆਰਚਵੇਅ ਕਮਿਊਨਿਟੀ ਸਰਵਿਸਿਜ਼ ਨੂੰ ਪ੍ਰੋਸਪੇਰਾ ਵੱਲੋਂ 40,000 ਡਾਲਰ ਦਾ ਦਾਨ ਦਿੱਤਾ ਗਿਆ ਹੈ ਜਿਸ ਨਾਲ ਸਥਾਨਕ ਮਰਦਾਂ ਲਈ ਘੱਟ ਕੀਮਤ ਵਾਲੇ ਕਾਊਂਸਲਿੰਗ ਪ੍ਰੋਗਰਾਮਾਂ ਦਾ ਵਿਸਥਾਰ ਕੀਤਾ ਜਾਵੇਗਾ। ਪ੍ਰੋਸਪੇਰਾ ਦੀ ਮਾਰਕੀਟਿੰਗ ਡਾਇਰੈਕਟਰ ਨਿਕੀ ਪਾਰਸਨਸ ਨੇ ਕਿਹਾ ਕਿ ਮਰਦਾਂ ਦੀ ਮਾਨਸਿਕ ਸਿਹਤ ਨੂੰ ਲੰਮੇ ਸਮੇਂ ਤੋਂ ਅਣਗੌਲਿਆ ਕੀਤਾ ਗਿਆ ਹੈ ਕਿਉਂਕਿ ਕਲੰਕ ਅਤੇ ਸੀਮਤ ਪਹੁੰਚ ਕਾਰਨ ਬਹੁਤ ਸਾਰੇ ਮਰਦ ਮਦਦ ਲੈਣ ਤੋਂ ਝਿਜਕਦੇ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਅਤੇ ਲਚਕੀਲੇ ਭਾਈਚਾਰਿਆਂ ਦੀ ਉਸਾਰੀ ਲਈ ਇਸ ਪਾੜੇ ਨੂੰ ਭਰਨਾ ਬਹੁਤ ਜ਼ਰੂਰੀ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ ਇਹ ਘਾਟ ਬਹੁਤ ਅਹਿਮ ਹੈ ਕਿਉਂਕਿ ਕੈਨੇਡੀਅਨ ਮੈਨਜ਼ ਹੈਲਥ ਫਾਊਂਡੇਸ਼ਨ ਦੇ 2025 ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਸੂਬੇ ਦੇ ਲਗਭਗ 67 ਫੀਸਦੀ ਬਾਲਗ ਮਰਦਾਂ ਨੇ ਕਦੇ ਵੀ ਮਾਨਸਿਕ ਸਿਹਤ ਸੇਵਾਵਾਂ ਦੀ ਵਰਤੋਂ ਨਹੀਂ ਕੀਤੀ ਹੈ। ਸਿਰਫ ਸਸਕੈਚਵਨ, ਮੈਨੀਟੋਬਾ ਅਤੇ ਓਨਟਾਰੀਓ ਵਿੱਚ ਹੀ ਇਹ ਪ੍ਰਤੀਸ਼ਤਤਾ ਵਧੇਰੇ ਸੀ। ਅਧਿਐਨ ਮੁਤਾਬਕ ਬੀਸੀ ਦੇ 60 ਫੀਸਦੀ ਮਰਦਾਂ ਨੇ ਤਣਾਅ ਦੇ ਉੱਚ ਪੱਧਰ ਤੋਂ ਪੀੜਤ ਹੋਣ ਦੀ ਰਿਪੋਰਟ ਦਿੱਤੀ ਹੈ ਅਤੇ 22 ਫੀਸਦੀ ਡਿਪਰੈਸ਼ਨ ਦੇ ਗੰਭੀਰ ਖਤਰੇ ਵਿੱਚ ਹਨ। ਆਰਚਵੇਅ ਵਿਖੇ ਸ਼ੁਰੂਆਤੀ ਸਾਲਾਂ ਅਤੇ ਕਾਊਂਸਲਿੰਗ ਦੀ ਐਸੋਸੀਏਟ ਡਾਇਰੈਕਟਰ ਮਾਰੀਆ ਕਾਰਗਨੇਲੀ ਨੇ ਕਿਹਾ ਕਿ ਤਣਾਅਗ੍ਰਸਤ ਮਰਦਾਂ ਲਈ ਮਾਨਸਿਕ ਸਿਹਤ ਪ੍ਰੋਗਰਾਮਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਇਹ ਫੰਡ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਅਤੇ ਲੋੜਵੰਦਾਂ ਨੂੰ ਸਮੇਂ ਸਿਰ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੇ। This report was written by Divroop Kaur as part of the Local Journalism Initiative.

