Sunday, May 31, 2026

ਪੀੜਤਾਂ ਨੂੰ ਸੱਚਾਈ ਜਾਣਨ ਦਾ ਪੂਰਾ ਹੱਕ : ਅਟਾਰਨੀ ਜਨਰਲ ਨਿੱਕੀ ਸ਼ਰਮਾ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਹੈ ਕਿ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਕੀ ਉਹ ਸਾਨਿਚ ਦੇ ਉਸ ਵਿਅਕਤੀ ਵੱਲੋਂ ਫਿਲਮਾਈਆਂ ਗਈਆਂ 652 ਔਰਤਾਂ ਅਤੇ ਕੁੜੀਆਂ ਵਿੱਚ ਸ਼ਾਮਲ ਹਨ ਜਾਂ ਨਹੀਂ। ਯਿਨ ਯੇਂਗ ਡੇਰੇਕ ਚੈਨ ਨਾਮਕ ਇਸ ਵਿਅਕਤੀ ਨੂੰ ਵਾਇਰਿਜ਼ਮ ਅਤੇ ਬਾਲ ਸੋਸ਼ਣ ਸਮੱਗਰੀ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਾਨਿਚ ਪੁਲਿਸ ਅਨੁਸਾਰ ਚੈਨ ਕੋਲੋਂ ਬਰਾਮਦ ਕੀਤੇ ਗਏ ਉਪਕਰਣਾਂ ਵਿੱਚ ਹਜ਼ਾਰਾਂ ਫੋਟੋਆਂ ਅਤੇ 28 ਘੰਟਿਆਂ ਤੋਂ ਵੱਧ ਦੀ ਵੀਡੀਓ ਮਿਲੀ ਹੈ। ਇਹ ਸਮੱਗਰੀ 6 ਸਾਲਾਂ ਦੌਰਾਨ ਕਾਰੋਬਾਰੀ ਅਦਾਰਿਆਂ, ਬੀਚਾਂ ਅਤੇ ਨਿੱਜੀ ਘਰਾਂ ਦੀਆਂ ਖਿੜਕੀਆਂ ਰਾਹੀਂ ਪੀੜਤਾਂ ਦੀ ਸਹਿਮਤੀ ਤੋਂ ਬਿਨਾਂ ਬਣਾਈ ਗਈ ਸੀ। ਪੁਲਿਸ ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ 40 ਪੀੜਤਾਂ ਦੀ ਪਛਾਣ ਕਰਕੇ ਉਹਨਾਂ ਨਾਲ ਸੰਪਰਕ ਕੀਤਾ ਸੀ। ਪਾਰਦਰਸ਼ਤਾ ਦੀ ਮੰਗ ਦੇ ਬਾਵਜੂਦ ਪੁਲਿਸ ਨੇ ਹੋਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨਿੱਕੀ ਸ਼ਰਮਾ ਨੇ ਕਿਹਾ ਕਿ ਪੁਲਿਸ ਭਾਵੇਂ ਆਪਣੇ ਫੈਸਲੇ ਖੁਦ ਲੈਂਦੀ ਹੈ, ਪਰ ਪੀੜਤਾਂ ਨੂੰ ਤਾਕਤ ਦੇਣ ਲਈ ਉਹਨਾਂ ਨੂੰ ਜਾਣਕਾਰੀ ਪ੍ਰਦਾਨ ਕਰਨਾ ਇੱਕ ਅਹਿਮ ਕਦਮ ਹੋ ਸਕਦਾ ਹੈ। ਵਿਕਟੋਰੀਆ ਸੈਕਸੁਅਲ ਅਸਾਲਟ ਸੈਂਟਰ ਦੀ ਕਾਰਜਕਾਰੀ ਨਿਰਦੇਸ਼ਕ ਸਮੰਥਾ ਲੋਪੀ ਨੇ ਵੀ ਕਿਹਾ ਕਿ ਪੁਲਿਸ ਲਈ ਪਾਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮਾਜ ਵਿੱਚ ਕਈ ਲੋਕ ਇਸ ਚਿੰਤਾ ਵਿੱਚ ਹਨ ਕਿ ਕੀ ਉਹ ਵੀ ਪੀੜਤਾਂ ਵਿੱਚ ਸ਼ਾਮਲ ਹਨ। ਚੈਨ ਨੂੰ ਅਪ੍ਰੈਲ 2024 ਵਿੱਚ ਗ੍ਰਿਫਤਾਰੀ ਤੋਂ ਬਾਅਦ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਸੀ, ਪਰ ਜਨਵਰੀ 2025 ਵਿੱਚ ਮੁੜ ਗ੍ਰਿਫਤਾਰ ਕਰ ਲਿਆ ਗਿਆ। ਪਿਛਲੇ ਹਫਤੇ ਉਸਨੂੰ 4.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

Popular