Sunday, May 31, 2026

ਵੈਨਕੂਵਰ ਵਿੱਚ ਓਵਰਡੋਜ਼ ਰੋਕਥਾਮ ਕੇਂਦਰ ਦਾ ਪ੍ਰੋਜੈਕਟ ਰੱਦ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵੈਨਕੂਵਰ ਦੇ ਯੇਲਟਾਊਨ ਇਲਾਕੇ ਵਿੱਚ ਪ੍ਰਸਤਾਵਿਤ ਓਵਰਡੋਜ਼ ਰੋਕਥਾਮ ਕੇਂਦਰ ਨਹੀਂ ਬਣੇਗੀ। ਇਹ ਫੈਸਲਾ ਸ਼ਹਿਰ ਦੇ ਮੇਅਰ ਅਤੇ ਸਥਾਨਕ ਕਾਰੋਬਾਰੀ ਸਮੂਹਾਂ ਵੱਲੋਂ ਕੀਤੇ ਗਏ ਸਖ਼ਤ ਵਿਰੋਧ ਤੋਂ ਬਾਅਦ ਲਿਆ ਗਿਆ ਹੈ। ਇਹ ਸਾਈਟ 900 ਹੈਲਮਕਨ ਸਟਰੀਟ ‘ਤੇ ਖੋਲ੍ਹੀ ਜਾਣੀ ਸੀ, ਜੋ ਵੈਨਕੂਵਰ ਦੇ ਡਾਊਨਟਾਊਨ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਂ ਜਗ੍ਹਾ ਵਜੋਂ ਚੁਣੀ ਗਈ ਸੀ।
ਇਸ ਪ੍ਰੋਜੈਕਟ ਦੀ ਲੀਜ਼ 1 ਜੂਨ ਤੋਂ ਸ਼ੁਰੂ ਹੋਣੀ ਸੀ। ਵੈਨਕੂਵਰ ਕੋਸਟਲ ਹੈਲਥ ਦਾ ਕਹਿਣਾ ਸੀ ਕਿ ਇਸ ਸਾਈਟ ‘ਤੇ ਸਿਖਲਾਈ ਪ੍ਰਾਪਤ ਸਟਾਫ ਨੇ ਨਸ਼ਾ ਕਰਨ ਵਾਲੇ ਲੋਕਾਂ ਦੀ ਨਿਗਰਾਨੀ ਕਰਨੀ ਸੀ ਤਾਂ ਜੋ ਮੌਤਾਂ ਨੂੰ ਰੋਕਿਆ ਜਾ ਸਕੇ। ਵੈਨਕੂਵਰ ਦੇ ਮੇਅਰ ਕੇਨ ਸਿਮ ਅਤੇ ਸਥਾਨਕ ਕਾਰੋਬਾਰੀ ਐਸੋਸੀਏਸ਼ਨਾਂ ਨੇ ਇਲਜ਼ਾਮ ਲਾਇਆ ਕਿ ਇਸ ਜਗ੍ਹਾ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਮੇਅਰ ਸਿਮ ਨੇ ਸ਼ਹਿਰੀ ਵਸੀਲਿਆਂ ਦੀ ਵਰਤੋਂ ਕਰਕੇ ਇਸ ਸਾਈਟ ਨੂੰ ਰੋਕਣ ਲਈ ਇੱਕ ਮਤਾ ਵੀ ਪਾਸ ਕੀਤਾ ਸੀ।
ਸਿਹਤ ਮੰਤਰੀ ਜੋਸੀ ਓਸਬੋਰਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਸ਼ਹਿਰ, ਸਥਾਨਕ ਕਾਰੋਬਾਰੀਆਂ ਅਤੇ ਭਾਈਚਾਰਕ ਭਾਈਵਾਲਾਂ ਦੀਆਂ ਚਿੰਤਾਵਾਂ ਸੁਣੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਵੈਨਕੂਵਰ ਕੋਸਟਲ ਹੈਲਥ ਇਸ ਸਮੇਂ 900 ਹੈਲਮਕਨ ਸਟਰੀਟ ‘ਤੇ ਪ੍ਰੋਜੈਕਟ ਨਾਲ ਅੱਗੇ ਨਹੀਂ ਵਧੇਗਾ ਅਤੇ ਇਸ ਨੂੰ ਖੋਲ੍ਹਣ ਦੀ ਕੋਈ ਨਵੀਂ ਤਰੀਕ ਵੀ ਮਿੱਥੀ ਨਹੀਂ ਗਈ ਹੈ। ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੋਈ ਵੀ ਨਵੀਂ ਸਾਈਟ ਖੋਲ੍ਹਣ ਤੋਂ ਪਹਿਲਾਂ ਸਥਾਨਕ ਧਿਰਾਂ ਅਤੇ ਸ਼ਹਿਰ ਪ੍ਰਸ਼ਾਸਨ ਨਾਲ ਗੱਲਬਾਤ ਕਰੇਗੀ।
ਯੇਲਟਾਊਨ ਦੀ ਪੁਰਾਣੀ ਓਵਰਡੋਜ਼ ਪ੍ਰੀਵੈਨਸ਼ਨ ਸਾਈਟ ਨੂੰ ਜਨਤਕ ਸੁਰੱਖਿਆ ਚਿੰਤਾਵਾਂ ਅਤੇ ਸਥਾਨਕ ਨਿਵਾਸੀਆਂ ਦੇ ਵਿਰੋਧ ਕਾਰਨ ਇਸ ਸਾਲ ਦੇ ਸ਼ੁਰੂ ਵਿੱਚ ਬੰਦ ਕਰ ਦਿੱਤਾ ਗਿਆ ਸੀ। ਡਾਊਨਟਾਊਨ ਵੈਨਕੂਵਰ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਦੀ ਜੇਨ ਟੈਲਬੋਟ ਨੇ 5 ਮਈ ਨੂੰ ਕਿਹਾ ਸੀ ਕਿ ਮੈਂਬਰਾਂ ਲਈ ਸੁਰੱਖਿਆ ਸਭ ਤੋਂ ਅਹਿਮ ਮੁੱਦਾ ਹੈ।
ਉਨ੍ਹਾਂ ਕਿਹਾ ਕਿ ਗਲੀਆਂ ਵਿੱਚ ਖਰਾਬ ਹੋ ਰਹੇ ਹਾਲਾਤ ਕਾਰਨ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਮੇਅਰ ਸਿਮ ਨੇ ਵੀ ਕਿਹਾ ਕਿ ਭਾਵੇਂ ਇਹ ਸੇਵਾਵਾਂ ਜਾਨਾਂ ਬਚਾਉਂਦੀਆਂ ਹਨ, ਪਰ ਸੂਬਾ ਸਰਕਾਰ ਨੂੰ ਨਸ਼ਾ ਛੁਡਾਊ ਅਤੇ ਰਿਕਵਰੀ ਵਿਕਲਪਾਂ ਵਿੱਚ ਵਧੇਰੇ ਨਿਵੇਸ਼ ਕਰਨਾ ਚਾਹੀਦਾ ਹੈ। This report was written by Divroop Kaur as part of the Local Journalism Initiative.

Popular