ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਫੈਡਰਲ ਸਰਕਾਰ ਦੀ ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਰਣਨੀਤੀ ਅਗਲੇ ਹਫਤੇ ਜਾਰੀ ਕਰ ਦਿੱਤੀ ਜਾਵੇਗੀ। ਓਟਾਵਾ ਵਿੱਚ ਲਿਬਰਲ ਕਾਕਸ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਜਾਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਬਹੁਤੀ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ, ਪਰ ਇਹ ਸਾਫ਼ ਕਰ ਦਿੱਤਾ ਕਿ ਇਸ ਵਿੱਚ ਹੁਣ ਹੋਰ ਦੇਰੀ ਨਹੀਂ ਹੋਵੇਗੀ। ਸਰਕਾਰ ਦੀ ਇਸ ਨਵੀਂ ਰਣਨੀਤੀ ਨੂੰ ਲੈ ਕੇ ਤਕਨਾਲੋਜੀ ਦੇ ਖੇਤਰ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਨੀਤੀ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਏਆਈ ਤਕਨੀਕ ਨੂੰ ਅਪਣਾਉਣ ਦਾ ਇੱਕ ਸਪੱਸ਼ਟ ਖਾਕਾ ਪੇਸ਼ ਕਰੇਗੀ, ਜਿਸ ਨਾਲ ਕੈਨੇਡਾ ਦੀ ਖੋਜ ਸਮਰੱਥਾ ਅਤੇ ਉਦਯੋਗ ਨੂੰ ਹੁਲਾਰਾ ਮਿਲੇਗਾ। ਇਸ ਦੇ ਨਾਲ ਹੀ, ਸਭ ਦੀ ਨਜ਼ਰ ਇਸ ਗੱਲ ‘ਤੇ ਵੀ ਹੋਵੇਗੀ ਕਿ ਸਰਕਾਰ ਏਆਈ ਕਾਰਨ ਰੁਜ਼ਗਾਰ ਦੇ ਖੇਤਰ ਵਿੱਚ ਆਉਣ ਵਾਲੀਆਂ ਰੁਕਾਵਟਾਂ, ਚੈਟਬੋਟਸ ਦੀ ਸੁਰੱਖਿਆ ਅਤੇ ਆਮ ਜਨਤਾ ਵਿੱਚ ਇਸ ਤਕਨੀਕ ਪ੍ਰਤੀ ਬਣੇ ਅਵਿਸ਼ਵਾਸ ਨੂੰ ਕਿਵੇਂ ਦੂਰ ਕਰਦੀ ਹੈ।
ਆਰਟੀਫੀਸ਼ੀਅਲ ਇੰਟੈਲੀਜੈਂਸ ਮਿਨਿਸਟਰ ਇਵਾਨ ਸੋਲੋਮਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਇਹ ਰਣਨੀਤੀ ਪਿਛਲੇ ਸਾਲ ਦੇ ਅੰਤ ਤੱਕ ਆ ਜਾਵੇਗੀ, ਜਿਸ ਲਈ ਸਲਾਹ-ਮਸ਼ਵਰੇ ਵੀ ਤੇਜ਼ ਕੀਤੇ ਗਏ ਸਨ। ਇਸ ਤੋਂ ਬਾਅਦ ਇਸਨੂੰ ਚਾਲੂ ਸਾਲ ਦੀ ਪਹਿਲੀ ਤਿਮਾਹੀ ਵਿੱਚ ਜਾਰੀ ਕਰਨ ਦੀ ਗੱਲ ਕਹੀ ਗਈ ਸੀ, ਪਰ ਉਹ ਸਮਾਂ ਵੀ ਲੰਘ ਚੁੱਕਾ ਹੈ। ਮੰਤਰੀ ਨੇ ਆਪਣੇ ਇੱਕ ਹਾਲੀਆ ਇੰਟਰਵਿਊ ਵਿੱਚ ਕਿਹਾ ਸੀ ਕਿ ਇਸ ਨੀਤੀ ਨੂੰ ਬਿਲਕੁਲ ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਾਧੂ ਸਲਾਹ-ਮਸ਼ਵਰੇ ਕੀਤੇ ਜਾ ਰਹੇ ਹਨ।
ਉਧਰ ਮੰਤਰੀ ਦੇ ਦਫਤਰ ਦੇ ਬੁਲਾਰੇ ਐਰਿਕਾ ਡੂਪੂਇਸ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦਾ ਇਸ਼ਾਰਾ ਇਹ ਸੀ ਕਿ ਰਣਨੀਤੀ ਤਿਆਰ ਹੈ ਅਤੇ ਸਰਕਾਰ ਇਸ ਨੂੰ ਜਾਰੀ ਕਰਨ ਦੇ ਅੰਤਿਮ ਪੜਾਅ ਵਿੱਚ ਹੈ, ਪਰ ਅਜੇ ਕੋਈ ਖਾਸ ਤਰੀਕ ਮਿੱਥੀ ਨਹੀਂ ਗਈ ਹੈ। ਉਦਯੋਗ ਅਤੇ ਖੋਜ ਖੇਤਰ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਨੀਤੀ ਵਿੱਚ ਹੋ ਰਹੀ ਦੇਰੀ ਕਾਰਨ ਉਹਨਾਂ ਲਈ ਲੰਬੇ ਸਮੇਂ ਦੀ ਯੋਜਨਾਬੰਦੀ ਕਰਨਾ ਮੁਸ਼ਕਲ ਹੋ ਰਿਹਾ ਹੈ ਅਤੇ ਸੈਕਟਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਆਲੋਚਕਾਂ ਅਨੁਸਾਰ ਤਕਨਾਲੋਜੀ ਦੇ ਤੇਜ਼ੀ ਨਾਲ ਵਧਣ ਕਾਰਨ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। This report was written by Divroop Kaur as part of the Local Journalism Initiative.

