ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਵਪਾਰਕ ਵਾਹਨਾਂ ਵਿੱਚ ਡੈਸ਼ਬੋਰਡ ਕੈਮਰੇ ਲਾਜ਼ਮੀ ਕਰਨ ਸਬੰਧੀ ਇੱਕ ਅਹਿਮ ਬਿੱਲ ਤੀਜੀ ਰੀਡਿੰਗ ਵਿੱਚ ਪਾਸ ਹੋ ਗਿਆ ਹੈ। ਕਮਲੂਪਸ ਨੌਰਥ ਥੌਮਸਨ ਦੇ ਐਮਐਲਏ ਵਾਰਡ ਸਟੈਮਰ ਵੱਲੋਂ ਪੇਸ਼ ਕੀਤਾ ਗਿਆ ਇਹ ਪ੍ਰਾਈਵੇਟ ਮੈਂਬਰ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ 26 ਮਈ ਨੂੰ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਬ੍ਰਿਟਿਸ਼ ਕੋਲੰਬੀਆ ਵਪਾਰਕ ਵਾਹਨਾਂ ਵਿੱਚ ਡੈਸ਼ ਕੈਮਰੇ ਲਾਜ਼ਮੀ ਕਰਨ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਜਾਵੇਗਾ।
ਡੈਸ਼ਬੋਰਡ ਕੈਮਰਾ ਇਨ ਕਮਰਸ਼ੀਅਲ ਵਹੀਕਲਜ਼ ਐਕਟ ਬਿੱਲ ਐਮ 217 ਹੁਣ ਸ਼ਾਹੀ ਮਨਜ਼ੂਰੀ ਮਿਲਣ ਤੋਂ 6 ਮਹੀਨੇ ਬਾਅਦ ਪੂਰੀ ਤਰ੍ਹਾਂ ਲਾਗੂ ਹੋਵੇਗਾ। ਇਹ ਕਾਨੂੰਨ ਸੂਬੇ ਦੇ ਹਾਈਵੇਅ ‘ਤੇ ਚੱਲਣ ਵਾਲੇ ਵਪਾਰਕ ਟਰੱਕਾਂ ਵਿੱਚ ਬਾਹਰ ਵੱਲ ਮੂੰਹ ਵਾਲੇ ਡੈਸ਼ ਕੈਮਰੇ ਲਗਾਉਣਾ ਜ਼ਰੂਰੀ ਬਣਾਉਂਦਾ ਹੈ। ਵਿਧਾਇਕ ਸਟੈਮਰ ਨੇ ਦੱਸਿਆ ਕਿ ਇਸ ਬਿੱਲ ਦੀ ਸ਼ੁਰੂਆਤ ਹਾਈਵੇਅ 5 ਦੇ ਉਨ੍ਹਾਂ ਪਰਿਵਾਰਾਂ ਤੋਂ ਹੋਈ ਸੀ ਜਿਨ੍ਹਾਂ ਨੇ ਰੋਕੇ ਜਾ ਸਕਣ ਵਾਲੇ ਹਾਦਸਿਆਂ ਵਿੱਚ ਆਪਣੇ ਪਿਆਰਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੈਸ਼ ਕੈਮਰੇ ਜਾਨਾਂ ਬਚਾਉਂਦੇ ਹਨ ਅਤੇ ਡਰਾਈਵਰਾਂ ਨੂੰ ਪੂਰੀ ਤਰ੍ਹਾਂ ਜਵਾਬਦੇਹ ਬਣਾਉਂਦੇ ਹਨ।
ਬੀਸੀ ਟਰੱਕਿੰਗ ਐਸੋਸੀਏਸ਼ਨ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ ਹੈ ਅਤੇ ਦੱਸਿਆ ਹੈ ਕਿ ਵਪਾਰਕ ਵਾਹਨਾਂ ਵਾਲੇ 75 ਤੋਂ 80 ਫੀਸਦੀ ਹਾਦਸਿਆਂ ਵਿੱਚ ਵਪਾਰਕ ਡਰਾਈਵਰ ਦਾ ਕਸੂਰ ਨਹੀਂ ਹੁੰਦਾ। ਕਮੇਟੀ ਵਿੱਚ ਉਠਾਈਆਂ ਗਈਆਂ ਗੋਪਨੀਯਤਾ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਇਸ ਬਿੱਲ ਵਿੱਚ ਕੈਬ ਦੇ ਅੰਦਰ ਵਾਲੇ ਕੈਮਰਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਸਟੈਮਰ ਨੇ ਕਿਹਾ ਕਿ ਅਜਿਹੇ ਕੈਮਰਿਆਂ ਨਾਲ ਹਾਦਸੇ ਸਮੇਂ ਸਬੂਤ ਤੁਰੰਤ ਮਿਲ ਜਾਣਗੇ ਜਿਸ ਨਾਲ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ। This report was written by Divroop Kaur as part of the Local Journalism Initiative.

