ਸਰੀ, (ਦਿਵਰੂਪ ਕੌਰ): ਸਰੀ ਦੇ ਰਹਿਣ ਵਾਲੇ ਸਟਾਲਿਨ ਅਤੇ ਨਵਪ੍ਰੀਤ ਗਿੱਲ ਵੱਲੋਂ ਆਪਣੇ ਤਿੰਨ ਸਾਲਾ ਬੇਟੇ ਦੇ ਇਲਾਜ ਲਈ ਫੰਡ ਇਕੱਠਾ ਕਰਨ ਵਾਸਤੇ ਸ਼ੁਰੂ ਕੀਤੀ ਗਈ 120 ਕਿਲੋਮੀਟਰ ਲੰਬੀ ਪੈਦਲ ਯਾਤਰਾ ਸੋਮਵਾਰ 25 ਮਈ ਨੂੰ ਵਿਕਟੋਰੀਆ ਵਿੱਚ ਭਾਵੁਕ ਤਰੀਕੇ ਨਾਲ ਸੰਪੰਨ ਹੋਈ। ਆਪਣੇ ਬਹੁਤ ਸਾਰੇ ਸਮਰਥਕਾਂ ਨਾਲ ਗੁਰਮੋਹ ਦੇ ਮਾਪੇ ਵੈਨਕੂਵਰ ਤੋਂ ਪੰਜ ਦਿਨਾਂ ਦਾ ਸਫਰ ਤੈਅ ਕਰਕੇ ਬੀਸੀ ਵਿਧਾਨ ਸਭਾ ਦੇ ਬਾਹਰ ਪਹੁੰਚੇ ਉਨ੍ਹਾਂ ਦਾ ਬੇਟਾ ਗੁਰਮੋਹ ਗਿੱਲ ਇੱਕ ਬਹੁਤ ਹੀ ਦੁਰਲੱਭ ਬੀਮਾਰੀ ਸਪਾਸਟਿਕ ਪੈਰਾਪਲੇਜੀਆ ਤੋਂ ਪੀੜਤ ਹੈ ਜੋ ਉਸਦੀਆਂ ਲੱਤਾਂ ਅਤੇ ਸਰੀਰ ਨੂੰ ਕਮਜ਼ੋਰ ਕਰ ਰਹੀ ਹੈ। ਮਾਪੇ ਆਪਣੇ ਬੱਚੇ ਦੀ ਵਿਅਕਤੀਗਤ ਜੀਨ ਥੈਰੇਪੀ ਬਣਾਉਣ ਲਈ 2.7 ਮਿਲੀਅਨ ਡਾਲਰ ਇਕੱਠੇ ਕਰਨ ਦੀ ਕੋਸ਼ਿਸ਼ ‘ਚ ਹਨ ਜਿਸ ਵਿੱਚੋਂ ਮੈਕਗਿੱਲ ਯੂਨੀਵਰਸਿਟੀ ਨੇ ਇਲਾਜ ਵਿਕਸਤ ਕਰਨ ਦੀ ਜ਼ਿੰਮੇਵਾਰੀ ਲਈ ਹੈ।
ਗੋਫੰਡਮੀ ਪੇਜ ਰਾਹੀਂ ਹੁਣ ਤੱਕ 1.4 ਮਿਲੀਅਨ ਡਾਲਰ ਇਕੱਠੇ ਹੋ ਚੁੱਕੇ ਹਨ ਅਤੇ ਪਰਿਵਾਰ ਆਪਣੇ ਟੀਚੇ ਤੋਂ ਅਜੇ 7 ਲੱਖ ਡਾਲਰ ਦੂਰ ਹੈ। ਇਸ ਇਲਾਜ ‘ਤੇ ਕੁੱਲ 6 ਤੋਂ 8 ਮਿਲੀਅਨ ਡਾਲਰ ਦਾ ਖਰਚਾ ਆਉਣ ਦੀ ਉਮੀਦ ਹੈ ਅਤੇ ਪਰਿਵਾਰ ਬਾਕੀ ਫੰਡਾਂ ਲਈ ਸੂਬਾ ਸਰਕਾਰ ਤੋਂ ਮਦਦ ਦੀ ਆਸ ਕਰ ਰਿਹਾ ਹੈ। ਸਟਾਲਿਨ ਅਤੇ ਨਵਪ੍ਰੀਤ ਨੇ 25 ਮਈ ਨੂੰ ਬੀਸੀ ਦੀ ਸਿਹਤ ਮੰਤਰੀ ਜੋਸੀ ਓਸਬੋਰਨ ਨਾਲ ਮੁਲਾਕਾਤ ਕੀਤੀ ਪਰ ਇਹ ਮੀਟਿੰਗ ਬਹੁਤੀ ਸਕਾਰਾਤਮਕ ਨਹੀਂ ਰਹੀ। ਸਟਾਲਿਨ ਅਨੁਸਾਰ ਮੰਤਰੀ ਨੇ ਕਿਹਾ ਕਿ ਅਜਿਹੀ ਫੰਡਿੰਗ ਤੁਰੰਤ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਸਿਹਤ ਮੰਤਰੀ ਨੇ ਕਿਹਾ ਕਿ ਉਹ ਬੱਚੇ ਦੀ ਮਦਦ ਲਈ ਵਿਕਲਪ ਤਲਾਸ਼ ਰਹੇ ਹਨ ਪਰ ਜੀਨ ਥੈਰੇਪੀ ਦੇ ਵਿਕਾਸ ਲਈ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਵਿੱਚ ਸਮਾਂ ਅਤੇ ਭਾਰੀ ਲਾਗਤ ਲੱਗੇਗੀ। This report was written by Divroop Kaur as part of the Local Journalism Initiative.

