Sunday, April 28, 2024

ਕੈਨੇਡਾ ‘ਚ ਮਹਿੰਗਾਈ ਦਰ 3.8 ਫੀਸਦੀ ਤੋਂ ਘੱਟ ਕੇ 3.1 ਫੀਸਦੀ ਹੋਈ

ਸਰੀ : ਸਰਕਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ 3.8% ਤੋਂ ਘੱਟ ਕੇ 3.1% ਹੋ ਗਈ ਹੈ। ਪਿਛਲੇ ਮਹੀਨੇ ਮਹਿੰਗਾਈ ਦਰ 3.8% ਦੇ ਪੱਧਰ ‘ਤੇ ਸੀ। ਸਟੈਟਿਸਟਿਕਸ ਕੈਨੇਡਾ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਗੈਸੋਲੀਨ ਦੀਆਂ ਕੀਮਤਾਂ ਘੱਟਣ ਨਾਲ ਮਹਿੰਗਾਈ ਦਰ ਦੇ ਹੇਠਾਂ ਆਉਣ ਸਭ ਤੋਂ ਵੱਡਾ ਕਾਰਨ ਰਿਹਾ। ਇਕੱਲੇ ਅਕਤੂਬਰ ਮਹੀਨੇ ਵਿਚ ਹੀ ਗੈਸ ਦੀਆਂ ਕੀਮਤਾਂ ਵਿਚ 6.4% ਦੀ ਘਟੀਆਂ ਹਨ ਜੋਕਿ ਪਿਛਲੇ ਸਾਲ ਅਕਤੂਬਰ ਦੀ ਤੁਲਨਾ ਵਿਚ 7.8% ਦੀ ਗਿਰਾਵਟ ਹੈ।
ਪਿਛਲੇ ਸਾਲ ਦੀ ਤੁਲਨਾ ਵਿਚ ਫ਼ੂਡ ਦੀਆਂ ਕੀਮਤਾਂ 5.4% ਵਧੇਰੇ ਦਰਜ ਹੋਈਆਂ। ਹਾਲਾਂਕਿ ਇਹ ਦਰ ਸਮੁੱਚੀ ਮਹਿੰਗਾਈ ਦਰ ਨਾਲੋਂ ਵਧੇਰੇ ਹੈ, ਪਰ ਸਤੰਬਰ ਵਿਚ ਦਰਜ 5.8 % ਦੀ ਸਾਲਾਨਾ ਦਰ ਨਾਲੋਂ ਜ਼ਰੂਰ ਘੱਟ ਹੈ। ਗ੍ਰੋਸਰੀ ਦੀਆਂ ਕੀਮਤਾਂ ਪਿਛਲੇ ਚਾਰ ਮਹੀਨਿਆਂ ਵਿਚ ਲਗਾਤਾਾਰ ਘਟੀਆਂ ਹਨ, ਪਰ ਟੀਡੀ ਬੈਂਕ ਦੀ ਅਰਥਸ਼ਾਸਤਰੀ ਲੈਸਲੀ ਪ੍ਰੈਸਟਨ ਨੇ ਕਿਹਾ ਕਿ ਉਪਭੋਗਤਾਵਾਂ ਨੂੰ ਦਰ ਵਿਚ ਆਈ ਇਸ ਕਮੀ ਦਾ ਕੋਈ ਬਹੁਤਾ ਲਾਭ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੀਮਤਾਂ ਵਿਚ ਧੀਮਾ ਵਾਧਾ ਅਜੇ ਵੀ ਖਪਤਕਾਰਾਂ ਦੀ ਸਮਝੋਂ ਬਾਹਰ ਹੈ ਜਿਹੜੇ ਤਿੰਨ ਸਾਲਾਂ ਦੀ ਤੁਲਨਾ ਵਿਚ ਗ੍ਰੋਸਰੀ ਦੇ ਟੋਕਰੇ ਲਈ 20% ਤੋਂ ਵੱਧ ਭੁਗਤਾਨ ਕਰ ਰਹੇ ਹਨ, ਜੋਕਿ ਪਿਛਲੇ ਚਾਰ ਦਹਾਕਿਆਂ ਦਾ ਸਭ ਤੋਂ ਵੱਡਾ ਵਾਧਾ ਹੈ। ਭਾਵੇਂ ਭੋਜਨ ਅਤੇ ਗੈਸ ਦੀਆਂ ਕੀਮਤਾਂ ਵਿਚ ਮੁਕਾਬਲਤਨ ਗਿਰਾਵਟ ਆ ਰਹੀ ਹੈ, ਪਰ ਹੋਰ ਕਈ ਪਹਿਲੂ ਹਨ ਜੋ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਕਰ ਰਹੇ ਹਨ। ਰਿਹਾਇਸ਼ ਦੀ ਲਾਗਤ ਪਿਛਲੇ ਇੱਕ ਸਾਲ ਵਿਚ 6% ਤੋਂ ਜ਼ਿਆਦਾ ਵਧ ਚੁੱਕੀ ਹੈ। ਇਹ ਸਮੁੱਚੀ ਮਹਿੰਗਾਈ ਦਰ ਨਾਲੋਂ ਦੁਗਣਾ ਪੱਧਰ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕਿਰਾਇਆਂ ਵਿਚ ਹੋਇਆ ਵਾਧਾ ਹੈ ਜੋ ਪਿਛਲੇ ਕੁਝ ਸਾਲਾਂ ਦੀ ਤੁਲਨਾ ਵਿਚ ਬਹੁਤ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਪਿਛਲੇ ਇੱਕ ਸਾਲ ਵਿਚ ਕਿਰਾਇਆਂ ਦੀ ਲਾਗਤ ਵਿਚ 8.4% ਵਾਧਾ ਹੋਇਆ ਹੈ। ਸਤੰਬਰ ਵਿਚ ਇਹ ਵਾਧਾ 7.3% ਸੀ। ਘਰ ਖ਼ਰੀਦਣਾ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ। ਮੌਰਗੇਜ ਵਿਆਜ ਲਾਗਤਾਂ ਪਿਛਲੇ ਸਾਲ ਵਿਚ 30% ਤੋਂ ਜ਼ਿਆਦਾ ਵਧ ਗਈਆਂ ਹਨ। ਪਿਛਲੇ ਇੱਕ ਸਾਲ ਵਿਚ ਪ੍ਰੋਪਰਟੀ ਟੈਕਸ ਵਿਚ 4.9% ਵਾਧਾ ਹੋਇਆ ਹੈ, ਜੋਕਿ ਪਿਛਲੇ ਸਾਲ 3.6% ਸੀ।