Saturday, April 27, 2024

ਕੈਨੇਡੀਅਨ ਪਾਰਲੀਮੈਂਟ ਵਿੱਚ ਫਿਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਸਬੰਧੀ ਮਤਾ ਲੰਬੀ ਬਹਿਸ ਤੋਂ ਬਾਅਦ ਹੋਇਆ ਪਾਸ

ਸਰੀ: ਫਿਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਸਬੰਧੀ ਜਗਮੀਤ ਸਿੰਘ ਦੀ ਅਗਵਾਈ ਹੇਠ ਐਨ.ਡੀ.ਪੀ. ਵਲੋਂ ਪੇਸ਼ ਕੀਤੇ ਗਏ ਮਤੇ ਨੂੰ ਕੈਨੇਡੀਅਨ ਪਾਰਟਲੀਮੈਂਟ ਵਲੋਂ ਪਾਸ ਕਰ ਦਿੱਤਾ ਗਿਆ ਹੈ ਹਾਲਾਂਕਿ ਪਹਿਲਾਂ ਇਸ ਮਤੇ ‘ਤੇ ਸਹਿਮਤੀ ਨਹੀਂ ਬਣੀ ਸੀ ਪਰ ਬਾਅਦ ਵਿੱਚ ਇਸ ਮਤੇ ਵਿੱਚ ਕੁਝ ਸੋਧਾਂ ਕੀਤੀਆਂ ਗਈਆਂ ਅਤੇ ਬਹਿਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਕੈਨੇਡੀਅਨ ਪਾਰਲੀਮੈਂਟ ਵਿੱਚ ਇਹ ਮਤਾ ਪਾਸ ਹੋਣ ਤੋਂ ਬਾਅਦ ਮੁਸਲਮਾਨ ਸੰਗਠਨਾਂ ਵਲੋਂ ਜਿਥੇ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉਥੇ ਹੀ ਯਹੂਦੀ ਸੰਗਠਨਾਂ ਵਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ।
ਪਾਰਲੀਮੈਂਟ ਵਿੱਚ ਇਸ ਮਤੇ ਉੱਤੇ ਲੱਗਭਗ ਸਾਰਾ ਦਿਨ ਬਹਿਸ ਚੱਲੀ ਪਰ ਆਖਿਰਕਾਰ ਇਹ ਮਤਾ 117 ਦੇ ਮੁਕਾਬਲੇ 204 ਵੋਟਾਂ ਨਾਲ ਪਾਸ ਹੋ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਲੱਗਭਗ ਸਾਰੇ ਲਿਬਰਲ ਐਮਪੀਜ਼ ਤੇ ਐਨਡੀਪੀ, ਬਲਾਕ ਕਿਊਬਿਕੁਆ, ਗ੍ਰੀਨ ਪਾਰਟੀ ਦੇ ਐਮਪੀਜ਼ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ ਪਰ ਕੰਜ਼ਰਵੇਟਿਵ ਆਗੂ ਪੀਅਰ ਪੌਲੀਵੀਅਰ ਅਤੇ ਉਨ੍ਹਾਂ ਦੀ ਪਾਰਟੀ ਨੇ ਮਤੇ ਦੇ ਖਿਲਾਫ ਵੋਟ ਪਾਈ।
ਮਤੇ ਦੇ ਅਨੁਸਾਰ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਨੂੰ ਨੌਂ ਕਦਮ ਚੁੱਕਣ ਦੀ ਜ਼ਰੂਤ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਜੰਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ, ਫਿਰ ਬੰਧੀਆਂ ਨੂੰ ਰਿਹਾਅ ਕਰਨ ਦੀ ਮੰਗ, ਇਜ਼ਰਾਈਲ ਨਾਲ ਫੌਜੀ ਵਸਤਾਂ ਦੇ ਵਪਾਰ ਨੂੰ ਮੁਲਤਵੀ ਕਰਨਾ ਅਤੇ ਹਮਸ ਨੂੰ ਗੈਰਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਕਦਮ ਚੁੱਕਣੇ ਆਦਿ।
ਕੈਨੇਡਾ ਦੇ ਮੁਸਲਿਮ ਸਮੂਹਾਂ ਨੇ ਐਨਡੀਪੀ ਵੱਲੋਂ ਫ਼ਲਸਤੀਨ ਨੂੰ ਵੱਖਰੇ ਮੁਲਕ ਦਾ ਦਰਜਾ ਦੇਣ ਬਾਰੇ ਮਤੇ ‘ਤੇ ਫ਼ੈਡਰਲ ਸਰਕਾਰ ਦੀ ਹਿਮਾਇਤ ਦੀ ਤਾਰੀਫ਼ ਕੀਤੀ ਹੈ, ਪਰ ਦੂਜੇ ਪਾਸੇ ਯਹੂਦੀ ਸਮਰਥਕਾਂ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੀ ਵਿਦੇਸ਼ ਨੀਤੀ ਇਜ਼ਰਾਈਲ-ਵਿਰੋਧੀ ਕੱਟੜਵਾਦੀਆਂ ਕਰਕੇ ਪ੍ਰਭਾਵਿਤ ਕਰ ਲਈ ਹੈ।
ਲਿਬਰਲ ਐਮਪੀ ਐਂਥਨੀ ਹਾਊਸਫ਼ਾਦਰ, ਜਿਨ੍ਹਾਂ ਨੇ ਇਸ ਮਤੇ ਦੇ ਵਿਰੋਧ ਵਿਚ ਵੋਟ ਪਾਈ ਨੇ ਕਿਹਾ ਕਿ ਕੈਨੇਡਾ ਦਾ ਯਹੂਦੀ ਭਾਈਚਾਰਾ ਹੌਸਲਾਹੀਣ ਅਤੇ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ।
ਹਾਊਸ ਔਫ਼ ਕੌਮਨਜ਼ ਵਿਚ ਬੋਲਦਿਆਂ ਹਾਊਸਫਾਦਰ ਨੇ ਕਿਹਾ ਕਿ ਇਹ ਮਤਾ ਹਮਾਸ ਲਈ ਇੱਕ ਇਨਾਮ ਵਰਗਾ ਹੈ ਕਿਉਂਕਿ ਇਹ ਇਜ਼ਰਾਈਲ ਦੇਸ਼ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਕਾਰ ਇੱਕ ਗਲਤ ਸਮਾਨਤਾ ਪੇਸ਼ ਕਰਦਾ ਹੈ।
ਉਹਨਾਂ ਕਿਹਾ, ਕੈਨੇਡਾ ਨੂੰ ਇਜ਼ਰਾਈਲ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਕੈਨੇਡਾ ਨੂੰ ਇਜ਼ਰਾਈਲ ਦੇ ਇੱਕ ਅੱਤਵਾਦੀ ਸੰਗਠਨ ਵਿਰੁੱਧ ਲੜਨ ਦੇ ਅਧਿਕਾਰ ਦੀ ਰੱਖਿਆ ਕਰਨੀ ਚਾਹੀਦੀ ਹੈ। ਸਾਨੂੰ ਅਜਿਹੇ ਮਤੇ ਪਾਸ ਨਹੀਂ ਕਰਨੇ ਚਾਹੀਦੇ ਜੋ ਇੱਕ ਅੱਤਵਾਦੀ ਸੰਗਠਨ ਨੂੰ ਲੋਕਤੰਤਰੀ ਦੇਸ਼ ਦੇ ਬਰਾਬਰ ਬਣਾਉਂਦੇ ਹੋਣ।
ਇੱਕ ਯਹੂਦੀ ਸੰਗਠਨ ਛੀਝਅ ਨੇ ਕਿਹਾ ਕਿ ਉਹ ਬਹੁਤ ਨਿਰਾਸ਼ ਹਨ ਕਿ ਸਰਕਾਰ ਨੇ ਐਨਡੀਪੀ ਅਤੇ ਬਲੌਕ ਕਿਊਬੈਕਵਾ ਅੰਦਰ ਬੈਠੇ ਇਜ਼ਰਾਈਲ ਵਿਰੋਧੀ ਕੱਟੜਵਾਦੀਆਂ ਕਰਕੇ ਆਪਣੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕਰ ਲਿਆ ਹੈ।
ਸੋਧਾਂ ਨਾਲ ਪਾਸ ਕੀਤੇ ਗਏ ਇਸ ਮਤੇ ਵਿਚ ਹਮਾਸ ਨੂੰ ਅੱਤਵਾਦੀ ਸੰਗਠਨ ਵੱਜੋਂ ਸੂਚੀਬੱਧ ਕੀਤਾ ਗਿਆ ਹੈ।
ਸਰਕਾਰ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕਰਨ ਵਾਲੀ ਭਾਸ਼ਾ ਲਈ ਸਹਿਮਤ ਹੋ ਗਈ – ਪਰ ਇਹ ਸ਼ਰਤ ਵੀ ਜੋੜੀ ਗਈ ਕਿ ਹਮਾਸ ਨੂੰ ਵੀ ਆਪਣੇ ਹਥਿਆਰ ਸੁੱਟਣੇ ਪੈਣਗੇ।
ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ (ਐਨਸੀਸੀਐਮ), ਜੋਕਿ ਗਾਜ਼ਾ ਵਿੱਚ ਇਜ਼ਰਾਈਲ ਦੇ ਚੱਲ ਰਹੇ ਯੁੱਧ ਦੀ ਇੱਕ ਆਲੋਚਕ ਅਤੇ ਕੈਨੇਡਾ ਵੱਲੋਂ ਇਜ਼ਰਾਈਲ ਅਤੇ ਇਸਦੀ ਲੀਡਰਸ਼ਿਪ ਵਿਰੁੱਧ ਸਖ਼ਤ ਰੁਖ ਅਪਣਾਉਣ ਦੀ ਹਿਮਾਇਤੀ ਸੰਸਥਾ ਹੈ, ਨੇ ਕਿਹਾ ਕਿ ਸੰਸਥਾ ਇਸ ਇਤਿਹਾਸਕ ਵੋਟ ਤੋਂ ਖ਼ੁਸ਼ ਹੈ।