Saturday, April 27, 2024

ਫ਼ਰਵਰੀ ਮਹੀਨੇ ਘਰਾਂ ਦੀ ਵਿਕਰੀ 3.1% ਘਟੀ

ਸਰੀ : ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਅਨੁਸਾਰ ਫ਼ਰਵਰੀ ਮਹੀਨੇ ਘਰਾਂ ਦੀ ਵਿਕਰੀ ਵਿਚ 3.1% ਦੀ ਕਮੀ ਆਈ ਅਤੇ ਘਰਾਂ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਮੁਕਾਬਲੇ ਸਥਿਰ ਰਹੀਆਂ।
ਛ੍ਰਓਅ ਮੁਤਾਬਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਘਰਾਂ ਦੀ ਵਿਕਰੀ ਵਿਚ 19.7% ਵਾਧਾ ਦਰਜ ਹੋਇਆ। ਇਹ ਵਾਧਾ ਪਿਛਲੇ ਸਾਲ ਫ਼ਰਵਰੀ ਮਹੀਨੇ ਘਰਾਂ ਦੀ ਵਿਕਰੀ ਵਿਚ ਆਈ ਰਿਕਾਰਡ ਗਿਰਾਵਟ ਕਰਕੇ ਸੀ। ਫ਼ਰਵਰੀ 2023 ਵਿਚ ਪਿਛਲੇ ਦੋ ਦਹਾਕਿਆਂ ਵਿਚ ਸਭ ਤੋਂ ਘੱਟ ਘਰਾਂ ਦੀ ਵਿਕਰੀ ਹੋਈ ਸੀ।
ਪਿਛਲੇ ਸਾਲ ਦੇ ਇਸੇ ਪੀਰੀਅਡ ਦੇ ਮੁਕਾਬਲੇ ਹਾਲੀਆ ਤਿੰਨ ਮਹੀਨਿਆਂ ਵਿੱਚ ਘਰਾਂ ਦੀ ਵਿਕਰੀ ਨੇ ਤੇਜ਼ੀ ਫ਼ੜੀ ਹੈ। ਉਦਾਹਰਨ ਵੱਜੋਂ, ਲੰਘੇ ਸਾਲ ਦੀ ਤੁਲਨਾ ਵਿਚ ਜਨਵਰੀ ਵਿੱਚ ਘਰਾਂ ਦੀ ਵਿਕਰੀ ਵਿਚ 22 % ਦਾ ਵਾਧਾ ਹੋਇਆ ਹੈ।
ਬੈਂਕ ਔਫ਼ ਮੌਂਟਰੀਅਲ ਦੇ ਮੁੱਖ ਅਰਥਸ਼ਾਸਤਰੀ, ਡਗਲਸ ਪੋਰਟਰ ਨੇ ਕਿਹਾ ਕਿ ਬੈਂਕ ਔਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਵਿਚ ਜਲਦਬਾਜ਼ੀ ਨਾ ਕੀਤੇ ਜਾਣ ਦੇ ਪਹਿਲੂਆਂ ਕਰਕੇ ਹਾਊਸਿੰਗ ਮਾਰਕੀਟ ਦੀ ਰਫ਼ਤਾਰ ਤੇਜ਼ ਨਾ ਹੋਣ ਦਾ ਭਾਵੇਂ ਅਨੁਮਾਨ ਲਗਾਇਆ ਜਾਂਦਾ ਹੈ, ਪ੍ਰੰਤੂ ਕੈਨੇਡਾ ਵਿਚ ਆਬਾਦੀ ਵਾਧਾ ਮੰਗ ਨੂੰ ਬਰਕਰਾਰ ਰੱਖਦਾ ਹੈ, ਇਸ ਕਰਕੇ ਵਿਆਜ ਦਰਾਂ ਹੇਠਾਂ ਆਉਂਦਿਆਂ ਹੀ ਹਾਊਸਿੰਗ ਮਾਰਕੀਟ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਮਹੀਨਾਵਾਰ ਤੁਲਨਾਤਮਕ ਅੰਕੜਿਆਂ ਅਨੁਸਾਰ, ਫ਼ਰਵਰੀ ਵਿਚ ਵਿਕਣ ਲਈ ਲੱਗੇ ਨਵੇਂ ਘਰਾਂ ਦੀਆਂ ਕੀਮਤਾਂ ਵਿਚ 1.6% ਵਾਧਾ ਦਰਜ ਹੋਇਆ।
ਫ਼ਰਵਰੀ ਮਹੀਨੇ ਕੈਨੇਡਾ ਵਿਚ ਇੱਕ ਘਰ ਦੀ ਔਸਤ ਕੀਮਤ 685,809 ਡਾਲਰ ਦਰਜ ਹੋਈ ਜੋ ਕਿ ਫ਼ਰਵਰੀ 2023 ਦੀ ਔਸਤ ਕੀਮਤ ਵਿਚ 3.1% ਵਾਧਾ ਹੈ।