Friday, May 15, 2026

ਕੈਨੇਡਾ ਅਤੇ ਆਸਟ੍ਰੇਲੀਆ ਦੀ ਸਾਂਝੀ ਕਾਰਵਾਈ ਤਹਿਤ 300 ਕਿਲੋ ਨਸ਼ੀਲੇ ਪਦਾਰਥਾਂ ਸਮੇਤ ਸਿਡਨੀ ਦਾ ਨੌਜਵਾਨ ਕਾਬੂ

ਸਰੀ, (ਦਿਵਰੂਪ ਕੌਰ): ਆਸਟ੍ਰੇਲੀਆ ਅਤੇ ਕੈਨੇਡਾ ਦੀਆਂ ਫੈਡਰਲ ਜਾਂਚ ਏਜੰਸੀਆਂ ਨੇ ਇੱਕ ਸਾਂਝੀ ਅੰਤਰਰਾਸ਼ਟਰੀ ਕਾਰਵਾਈ ਦੌਰਾਨ 300 ਕਿਲੋ ਮੈਥਾਮਫੇਟਾਮਾਈਨ (ਆਈਸ) ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸਿਡਨੀ ਦੇ ਕੈਲੀਵਿਲ ਇਲਾਕੇ ਦੇ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਆਸਟ੍ਰੇਲੀਅਨ ਫੈਡਰਲ ਪੁਲਿਸ (AFP), ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੀ ਇਸ ਸਾਂਝੀ ਕਾਰਵਾਈ ਦੌਰਾਨ 36 ਡੱਬਿਆਂ ਵਿੱਚ ਲੁਕੋ ਕੇ ਭੇਜਿਆ ਨਸ਼ਾ ਬਰਾਮਦ ਕੀਤਾ ਗਿਆ ਹੈ। ਇਹ ਨਸ਼ੀਲਾ ਪਦਾਰਥ ਪ੍ਰੈਸ਼ਰ ਵਾਸ਼ਰਾਂ ਦੇ ਅੰਦਰ ਬੜੀ ਚਲਾਕੀ ਨਾਲ ਲੁਕੋਇਆ ਹੋਇਆ ਸੀ।
ਜਾਂਚ ਦੀ ਸ਼ੁਰੂਆਤ ਅਕਤੂਬਰ 2025 ਵਿੱਚ ਹੋਈ ਸੀ ਜਦੋਂ ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡੀਅਨ ਅਧਿਕਾਰੀਆਂ ਨੇ ਪ੍ਰੈਸ਼ਰ ਵਾਸ਼ਰਾਂ ਵਜੋਂ ਭੇਜੇ ਗਏ ਇੱਕ ਕੰਸਾਈਨਮੈਂਟ ਦੀ ਤਲਾਸ਼ੀ ਲਈ। ਇਸ ਕੰਸਾਈਨਮੈਂਟ ਦੀ ਮੰਜ਼ਿਲ ਉੱਤਰ-ਪੱਛਮੀ ਸਿਡਨੀ ਨਿਰਧਾਰਿਤ ਸੀ। ਨਸ਼ਾ ਮਿਲਣ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਅਸਲੀ ਨਸ਼ੇ ਨੂੰ ਕੱਢ ਲਿਆ ਅਤੇ ਉਸ ਦੀ ਥਾਂ ਨਕਲੀ ਪਦਾਰਥ ਭਰ ਕੇ ਕੰਟੇਨਰ ਨੂੰ ਮੁੜ ਫਰੇਟ ਸਿਸਟਮ ਵਿੱਚ ਪਾ ਦਿੱਤਾ ਅਤੇ ਇਸ ਬਾਰੇ ਆਸਟ੍ਰੇਲੀਆਈ ਪੁਲਿਸ ਨੂੰ ਸੁਚੇਤ ਕਰ ਦਿੱਤਾ। ਇਹ ਕੰਟੇਨਰ 13 ਨਵੰਬਰ 2025 ਨੂੰ ਪੋਰਟ ਬੋਟਨੀ ਪਹੁੰਚਿਆ।
ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਦੀ ਲਗਾਤਾਰ ਨਿਗਰਾਨੀ ਰੱਖੀ ਅਤੇ 27 ਨਵੰਬਰ ਨੂੰ ਸਿਡਨੀ ਦੇ ਉੱਤਰ-ਪੱਛਮ ਵਿੱਚ ਸਥਿਤ ਕੁਰਾਜੋਂਗ ਵਿਖੇ ਇੱਕ ਸ਼ੈੱਡ ਵਿੱਚ ਇਸ ਦੀ ਡਿਲੀਵਰੀ ਕਰਵਾਈ ਗਈ। ਪੁਲਿਸ ਅਨੁਸਾਰ ਉਸ ਰਾਤ ਦੋ ਵਿਅਕਤੀ ਸ਼ੈੱਡ ਵਿੱਚ ਦਾਖਲ ਹੋਏ ਸਨ, ਜਿਨ੍ਹਾਂ ਵਿੱਚੋਂ ਕੈਲੀਵਿਲ ਦੇ ਨੌਜਵਾਨ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਕੈਸਲ ਹਿੱਲ ਸਥਿਤ ਇੱਕ ਘਰ ਅਤੇ ਵਾਹਨ ਦੀ ਵੀ ਤਲਾਸ਼ੀ ਲਈ, ਜਿੱਥੋਂ ਕਈ ਇਲੈਕਟ੍ਰਾਨਿਕ ਯੰਤਰ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਮੁਲਜ਼ਮ ਵਿਰੁੱਧ ਵਪਾਰਕ ਮਾਤਰਾ ਵਿੱਚ ਸਰਹੱਦ-ਨਿਯੰਤਰਿਤ ਨਸ਼ੀਲੇ ਪਦਾਰਥ ਰੱਖਣ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਅਪਰਾਧ ਲਈ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਫੈਡਰਲ ਪੁਲਿਸ ਦੇ ਡਿਟੈਕਟਿਵ ਸੁਪਰਡੈਂਟ ਮੋਰਗਨ ਬਲੰਡਨ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਮੈਥਾਮਫੇਟਾਮਾਈਨ ਦੀ ਅੰਦਾਜ਼ਨ ਕੀਮਤ 277 ਮਿਲੀਅਨ ਡਾਲਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਨਸ਼ਾ ਬਾਜ਼ਾਰ ਵਿੱਚ ਪਹੁੰਚ ਜਾਂਦਾ ਤਾਂ ਇਸ ਨਾਲ ਲਗਭਗ 30 ਲੱਖ ਨਸ਼ੀਲੀਆਂ ਪੁੜੀਆਂ ਤਿਆਰ ਕੀਤੀਆਂ ਜਾ ਸਕਦੀਆਂ ਸਨ। ਉਨ੍ਹਾਂ ਕੈਨੇਡੀਅਨ ਭਾਈਵਾਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਅਜਿਹੀ ਸੂਝ-ਬੂਝ ਨਾਲ ਹੀ ਆਸਟ੍ਰੇਲੀਆਈ ਭਾਈਚਾਰੇ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕਦਾ ਹੈ। ਮੁਲਜ਼ਮ ਨੂੰ ਫਿਲਹਾਲ 24 ਫਰਵਰੀ 2026 ਨੂੰ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਵੱਲੋਂ ਸ਼ਰਤਾਂ ‘ਤੇ ਜ਼ਮਾਨਤ ਦੇ ਦਿੱਤੀ ਗਈ ਹੈ। ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ। This report was written by Divroop Kaur as part of the Local Journalism Initiative.

Popular