ਸਰੀ, (ਦਿਵਰੂਪ ਕੌਰ): ਰਿਚਮੰਡ ਆਰ.ਸੀ.ਐਮ.ਪੀ. ਵੱਲੋਂ ਸ਼ਹਿਰ ਦੇ ਕੇਂਦਰੀ ਵਪਾਰਕ ਖੇਤਰ ਵਿੱਚ ਪਰਚੂਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਚਲਾਈ ਗਈ ‘ਬੂਸਟ ਐਂਡ ਬਸਟ’ ਮੁਹਿੰਮ ਤਹਿਤ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 20 ਅਪ੍ਰੈਲ ਨੂੰ ਚਲਾਈ ਗਈ ਇਸ ਇੱਕ ਰੋਜ਼ਾ ਵਿਸ਼ੇਸ਼ ਮੁਹਿੰਮ ਦਾ ਮੁੱਖ ਮਕਸਦ ਜਾਇਦਾਦ ਨਾਲ ਸਬੰਧਤ ਅਪਰਾਧਾਂ ‘ਤੇ ਨਕੇਲ ਪਾਉਣਾ ਸੀ। ਇਸ ਕਾਰਵਾਈ ਦੌਰਾਨ ਪੁਲਿਸ ਨੇ ਵੱਖ-ਵੱਖ ਸਟੋਰਾਂ ਵਿੱਚ ਚੋਰੀ ਕਰਨ ਵਾਲੇ ਮਰਦਾਂ, ਔਰਤਾਂ ਅਤੇ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਇਸ ਮੁਹਿੰਮ ਦੀ ਸਫਲਤਾ ਪਿੱਛੇ ਪੁਲਿਸ ਅਤੇ ਸਥਾਨਕ ਕਾਰੋਬਾਰੀਆਂ ਵਿਚਕਾਰ ਬਿਹਤਰ ਤਾਲਮੇਲ ਇੱਕ ਅਹਿਮ ਕਾਰਨ ਰਿਹਾ ਹੈ। ਕਾਰਵਾਈ ਦੌਰਾਨ ਸਾਦੇ ਕੱਪੜਿਆਂ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਵੱਖ-ਵੱਖ ਸਟੋਰਾਂ ਦੇ ਲੌਸ ਪ੍ਰੀਵੈਂਸ਼ਨ ਅਫਸਰਾਂ (LPOs) ਨੇ ਮਿਲ ਕੇ ਕੰਮ ਕੀਤਾ। ਸਟੋਰਾਂ ਦੇ ਸੁਰੱਖਿਆ ਕਰਮਚਾਰੀ ਸ਼ੱਕੀ ਗਤੀਵਿਧੀਆਂ ਬਾਰੇ ਪੁਲਿਸ ਦੀ ਨਿਗਰਾਨੀ ਟੀਮ ਨੂੰ ਲਗਾਤਾਰ ਜਾਣਕਾਰੀ ਦੇ ਰਹੇ ਸਨ, ਜਿਸ ਸਦਕਾ ਚੋਰਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰਨਾ ਸੰਭਵ ਹੋ ਸਕਿਆ। ਫੜੇ ਗਏ 15 ਵਿਅਕਤੀਆਂ ਵਿੱਚ 8 ਮਰਦ ਅਤੇ 7 ਔਰਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 3 ਨਾਬਾਲਗ ਹਨ।
ਪੁਲਿਸ ਨੇ ਦੱਸਿਆ ਕਿ 10 ਵਿਅਕਤੀਆਂ ਵਿਰੁੱਧ 5,000 ਡਾਲਰ ਤੋਂ ਘੱਟ ਦੀ ਚੋਰੀ ਦੇ ਦੋਸ਼ ਲਗਾਉਣ ਦੀ ਸਿਫਾਰਸ਼ ਕੀਤੀ ਜਾਵੇਗੀ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ 8 ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਇਨ੍ਹਾਂ ਵਿੱਚੋਂ 7 ਵਿਅਕਤੀ ਰਿਚਮੰਡ ਦੇ ਵਸਨੀਕ ਹਨ, ਜਦਕਿ ਬਾਕੀ ਵੈਨਕੂਵਰ, ਲੈਂਗਫੋਰਡ, ਡੈਲਟਾ, ਕੈਲੋਨਾ ਅਤੇ ਨਾਨਾਈਮੋ ਨਾਲ ਸਬੰਧਤ ਹਨ। ਇੱਕ ਵਿਅਕਤੀ ਨੂੰ ਪੁਰਾਣੇ ਵਾਰੰਟ ਦੇ ਅਧਾਰ ‘ਤੇ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਬਰਾਮਦ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ ਲਗਭਗ 3,453.55 ਡਾਲਰ ਦੱਸੀ ਗਈ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਭੋਜਨ, ਕੱਪੜੇ ਅਤੇ ਸ਼ਿੰਗਾਰ ਦਾ ਸਾਮਾਨ ਸ਼ਾਮਲ ਹੈ। ਇਹ ਮੁਹਿੰਮ ਰਿਚਮੰਡ ਆਰ.ਸੀ.ਐਮ.ਪੀ. ਦੀ ਅਪਰਾਧ ਘਟਾਉਣ ਵਾਲੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ, ਜਿਸ ਨੂੰ ਫੈਡਰਲ ਅਤੇ ਸੂਬਾਈ ਸਹਿਯੋਗ ਵਾਲੇ ‘ਕਮਿਊਨਿਟੀ ਸੇਫਟੀ ਐਂਡ ਟਾਰਗੇਟਿਡ ਇਨਫੋਰਸਮੈਂਟ ਪ੍ਰੋਗਰਾਮ’ (CSTEP) ਰਾਹੀਂ ਫੰਡ ਦਿੱਤਾ ਜਾਂਦਾ ਹੈ। ਇੰਸਪੈਕਟਰ ਵਾਜ਼ ਕਾਸਮ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਖੁਫੀਆ ਜਾਣਕਾਰੀ ਅਧਾਰਤ ਪੁਲਿਸਿੰਗ ਦੀ ਅਹਿਮੀਅਤ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਅਨੁਸਾਰ ਪਰਚੂਨ ਚੋਰੀ ਨਾ ਸਿਰਫ਼ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਸਗੋਂ ਸਟਾਫ ਅਤੇ ਪੂਰੇ ਭਾਈਚਾਰੇ ‘ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ।
ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਲੋੜ ਅਨੁਸਾਰ ਸਮਾਜਿਕ ਸੇਵਾਵਾਂ ਲੈਣ ਦੀ ਸਲਾਹ ਵੀ ਦਿੱਤੀ ਗਈ ਹੈ। ਪੁਲਿਸ ਵੱਲੋਂ ਅਗਲੇ ਸਮੇਂ ਵਿੱਚ ਅਜਿਹੀਆਂ ਹੋਰ ‘ਬੂਸਟ ਐਂਡ ਬਸਟ’ ਕਾਰਵਾਈਆਂ ਕਰਨ ਦੀ ਯੋਜਨਾ ਬਣਾਈ ਗਈ ਹੈ। ਰਿਚਮੰਡ ਆਰ.ਸੀ.ਐਮ.ਪੀ. ਨੇ ਕਾਰੋਬਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ 604-278-1212 ‘ਤੇ ਸੂਚਿਤ ਕਰਨ ਅਤੇ ਐਮਰਜੈਂਸੀ ਦੀ ਸੂਰਤ ਵਿੱਚ 9-1-1 ‘ਤੇ ਕਾਲ ਕਰਨ। This report was written by Divroop Kaur as part of the Local Journalism Initiative.

