ਸਰੀ, (ਿਦਵਰੂਪ ਕੌਰ): ਸਰੀ ਵਿੱਚ ਪੇਸ਼ੇਵਰ ਮੁੱਕੇਬਾਜ਼ੀ ਦੇ ਮੁਕਾਬਲਿਆਂ ਦੀ ਇੱਕ ਖਾਸ ਰਾਤ ਦੌਰਾਨ ਸਥਾਨਕ ਸਟਾਰ ਮੁੱਕੇਬਾਜ਼ ਐਰਿਕ ਬਸਰਾਨ ਦੇ ਘਰੇਲੂ ਮੈਦਾਨ ਉੱਤੇ ਉਤਰਨ ਦੀ ਉਮੀਦ ਹੈ, ਜਿਸ ਨੂੰ ਦੇਖਣ ਲਈ ਲਗਭਗ 1,000 ਪ੍ਰਸ਼ੰਸਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਹੈਮਿਲਟਨ ਸਥਿਤ ਥ੍ਰੀ ਲਾਇਨਜ਼ ਪ੍ਰੋਮੋਸ਼ਨਜ਼ (3LP) ਵੱਲੋਂ ਸ਼ਨੀਵਾਰ, 30 ਮਈ ਨੂੰ ਨਿਊਟਨ ਦੇ ਰਾਇਲ ਕਿੰਗ ਪੈਲੇਸ ਐਂਡ ਕਨਵੈਨਸ਼ਨ ਸੈਂਟਰ ਵਿਖੇ ਇਸ ‘ਹੋਮਕਮਿੰਗ’ ਬਾਕਸਿੰਗ ਈਵੈਂਟ ਦੀ ਬੁਕਿੰਗ ਕੀਤੀ ਗਈ ਹੈ। ਮੁੱਖ ਮੁਕਾਬਲੇ ਵਿੱਚ 27 ਸਾਲਾ ਬਸਰਾਨ ਦਾ ਸਾਹਮਣਾ ਚਿਲੀ ਦੇ ਚੈਲੇਂਜਰ ਸੇਬੇਸਟੀਅਨ ਕੌਕਾਮਨ ਨਾਲ ਹੋਵੇਗਾ।
ਇਹ 10 ਰਾਊਂਡ ਦਾ ਮੁਕਾਬਲਾ ਖਾਲੀ ਪਏ ਵਰਲਡ ਬਾਕਸਿੰਗ ਕੌਂਸਲ (WBC) ਇੰਟਰਨੈਸ਼ਨਲ ਸਿਲਵਰ ਲਾਈਟਵੇਟ ਖਿਤਾਬ ਲਈ ਖੇਡਿਆ ਜਾਵੇਗਾ। ਇਹ ਕਨਵੈਨਸ਼ਨ ਸੈਂਟਰ ਬਸਰਾਨ ਦੇ ਘਰ ਅਤੇ ਪੁਰਾਣੇ ਸਕੂਲ ਫਰੈਂਕ ਹਰਟ ਸੈਕੰਡਰੀ ਦੇ ਬਹੁਤ ਨਜ਼ਦੀਕ ਹੈ। ਬਸਰਾਨ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਨੇ ਪਹਿਲਾਂ ਕਦੇ ਸਰੀ ਵਿੱਚ ਪੇਸ਼ੇਵਰ ਮੁਕਾਬਲਾ ਨਹੀਂ ਲੜਿਆ ਹੈ, ਇਸ ਲਈ ਆਪਣੇ ਲੋਕਾਂ ਦੇ ਸਾਹਮਣੇ ਬੈਲਟ ਲਈ ਲੜਨਾ ਉਹਨਾਂ ਵਾਸਤੇ ਬਹੁਤ ਖਾਸ ਅਤੇ ਯਾਦਗਾਰੀ ਹੋਵੇਗਾ।
ਇਸ ਖੇਡ ਮੇਲੇ ਵਿੱਚ ਸਰੀ ਦੇ ਹੋਰ ਉੱਭਰਦੇ ਮੁੱਕੇਬਾਜ਼ ਜਿਵੇਂ ਬੁਨੀਤ ਬਿਸਲਾ ਅਤੇ ਹਰਕੀਰਤ ਨਿੱਜਰ ਵੀ ਹਿੱਸਾ ਲੈ ਰਹੇ ਹਨ। ਟਿਕਟਾਂ ਦੀ ਕੀਮਤ 60 ਡਾਲਰ ਜਨਰਲ ਐਡਮਿਸ਼ਨ ਤੋਂ ਲੈ ਕੇ 1,750 ਡਾਲਰ ਗੋਲਡ ਟੇਬਲ ਤੱਕ ਰੱਖੀ ਗਈ ਹੈ। ਪ੍ਰਮੋਸ਼ਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡੈਨੀਅਲ ਓਟਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਖੇਡਣ ਤੋਂ ਬਾਅਦ ਬਸਰਾਨ ਦੀ ਵਾਪਸੀ ਅਤੇ ਹੋਰ ਮਜ਼ਬੂਤ ਖਿਡਾਰੀਆਂ ਦੀ ਮੌਜੂਦਗੀ ਕਾਰਨ ਖੇਡ ਪ੍ਰੇਮੀਆਂ ਨੂੰ ਇੱਕ ਉੱਚ ਪੱਧਰੀ ਮੁਕਾਬਲਾ ਦੇਖਣ ਨੂੰ ਮਿਲੇਗਾ। ਪਿਛਲੇ ਸਾਲ ਸਾਊਦੀ ਅਰਬ ਵਿੱਚ ਡਬਲਯੂਬੀਸੀ ਗ੍ਰੈਂਡ ਪ੍ਰਿਕਸ ਦੌਰਾਨ ਬਸਰਾਨ ਨੂੰ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਹਾਰ ਬਾਰੇ ਗੱਲ ਕਰਦਿਆਂ ਬਸਰਾਨ ਨੇ ਦੱਸਿਆ ਕਿ ਮੈਚ ਦੌਰਾਨ ਵਿਰੋਧੀ ਖਿਡਾਰੀ ਦਾ ਸਿਰ ਉਹਨਾਂ ਦੀ ਅੱਖ ਉੱਤੇ ਵੱਜਿਆ ਸੀ ਜਿਸ ਨਾਲ ਕੱਟ ਲੱਗ ਗਿਆ ਸੀ, ਪਰ ਰੈਫਰੀ ਨੇ ਇਸ ਨੂੰ ਪੰਚ ਸਮਝ ਲਿਆ। ਇਸ ਹਾਦਸੇ ਨੇ ਮੈਚ ਦੇ ਨਤੀਜੇ ਵਿੱਚ ਵੱਡੀ ਭੂਮਿਕਾ ਨਿਭਾਈ। ਸ਼ਨੀਵਾਰ ਨੂੰ ਹੋਣ ਵਾਲਾ ਇਹ ਮੁਕਾਬਲਾ ਬਸਰਾਨ ਦਾ ਪਿਛਲੇ ਇੱਕ ਸਾਲ ਵਿੱਚ ਪਹਿਲਾ ਮੈਚ ਹੈ। ਉਹਨਾਂ ਦੇ ਵਿਰੋਧੀ ਕੌਕਾਮਨ ਨੇ ਪਿਛਲੇ ਅਕਤੂਬਰ ਵਿੱਚ ਚਿਲੀ ਦਾ ਲਾਈਟਵੇਟ ਖਿਤਾਬ ਜਿੱਤਿਆ ਸੀ, ਜਿਸ ਕਾਰਨ ਇਹ ਮੁਕਾਬਲਾ ਕਾਫੀ ਸਖਤ ਹੋਣ ਦੀ ਉਮੀਦ ਹੈ। This report was written by Divroop Kaur as part of the Local Journalism Initiative.

