Saturday, May 23, 2026

ਸਕੂਲੀ ਬੱਚੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਨੂੰ ਭੇਜਿਆ ਜੇਲ੍ਹ

ਸਰੀ, (ਦਿਵਰੂਪ ਕੌਰ): 22 ਸਾਲਾ ਨੌਜਵਾਨ ਨੂੰ 12 ਸਾਲ ਦੀ ਸਕੂਲੀ ਬੱਚੀ ਨਾਲ ਜਿਨਸੀ ਛੇੜਛਾੜ ਅਤੇ ਹੋਰ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਕੁੱਲ 690 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਬਰੋਡੀ ਮੋਲਿਨ ਨੂੰ ਪਿਛਲੇ ਸਾਲ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਹਿਲੀ ਘਟਨਾ 19 ਅਪ੍ਰੈਲ 2025 ਨੂੰ ਵਾਪਰੀ ਸੀ, ਜਦੋਂ ਲੈਂਗਫੋਰਡ ਦੇ ਇੱਕ ਰਿਟੇਲ ਸਟੋਰ ਵਿੱਚ ਇੱਕ ਮਹਿਲਾ ਗਾਹਕ ਨੇ ਸ਼ਿਕਾਇਤ ਕੀਤੀ ਸੀ ਕਿ ਮੋਲਿਨ ਉਸ ਦਾ ਪਿੱਛਾ ਕਰ ਰਿਹਾ ਸੀ ਅਤੇ ਅਸ਼ਲੀਲ ਹਰਕਤਾਂ ਕਰਦੇ ਹੋਏ ਆਪਣੇ ਫੋਨ ਨਾਲ ਵੀਡੀਓ ਬਣਾ ਰਿਹਾ ਸੀ।
ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਕਾਰਵਾਈ ਕਰਦੇ ਹੋਏ ਮੋਲਿਨ ਨੂੰ ਗ੍ਰਿਫਤਾਰ ਕਰ ਲਿਆ ਸੀ। ਜੁਲਾਈ 2025 ਵਿੱਚ ਉਸ ਨੇ ਜਨਤਕ ਥਾਂ ਉੱਤੇ ਅਸ਼ਲੀਲ ਹਰਕਤ ਕਰਨ ਦਾ ਦੋਸ਼ ਸਵੀਕਾਰ ਕਰ ਲਿਆ ਸੀ, ਜਿਸ ਲਈ ਅਦਾਲਤ ਨੇ 12 ਮਈ ਨੂੰ ਉਸ ਨੂੰ 90 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ। ਦੂਜੀ ਗੰਭੀਰ ਘਟਨਾ 15 ਸਤੰਬਰ 2025 ਨੂੰ ਵਾਪਰੀ, ਜਦੋਂ ਈਗਲ ਵਿਊ ਐਲੀਮੈਂਟਰੀ ਸਕੂਲ ਦੇ ਮੈਦਾਨ ਵਿੱਚ ਖੇਡ ਰਹੀ ਇੱਕ ਬੱਚੀ ਕੋਲ ਜਾ ਕੇ ਉਸ ਨੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਉੱਥੋਂ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਰਹੀ ਅਤੇ ਉਸ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ।
ਪੁਲਿਸ ਨੇ 17 ਸਤੰਬਰ ਨੂੰ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਅਤੇ ਉਹ ਟ੍ਰਾਇਲ ਤੱਕ ਹਿਰਾਸਤ ਵਿੱਚ ਰਿਹਾ। ਅਕਤੂਬਰ ਵਿੱਚ ਮੋਲਿਨ ਨੇ ਨਾਬਾਲਗ ਨਾਲ ਜਿਨਸੀ ਛੇੜਛਾੜ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ। ਅਦਾਲਤ ਨੇ ਰਿਮਾਂਡ ਦੇ ਸਮੇਂ ਨੂੰ ਸ਼ਾਮਲ ਕਰਦੇ ਹੋਏ ਇਸ ਮਾਮਲੇ ਵਿੱਚ 600 ਦਿਨਾਂ ਦੀ ਸਜ਼ਾ ਸੁਣਾਈ, ਜੋ ਪਹਿਲੇ ਅਪਰਾਧ ਦੀ 90 ਦਿਨਾਂ ਦੀ ਸਜ਼ਾ ਦੇ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ। ਅਦਾਲਤ ਨੇ ਦੋਸ਼ੀ ਉੱਤੇ 10 ਸਾਲ ਦੀ ਸਖਤ ਪਾਬੰਦੀ ਲਗਾਈ ਹੈ, ਜਿਸ ਤਹਿਤ ਉਹ ਪਾਰਕਾਂ, ਸਕੂਲਾਂ, ਸਵੀਮਿੰਗ ਪੂਲ ਅਤੇ ਕਮਿਊਨਿਟੀ ਸੈਂਟਰਾਂ ਵਰਗੀਆਂ ਥਾਵਾਂ ਉੱਤੇ ਨਹੀਂ ਜਾ ਸਕੇਗਾ। ਉਸ ਦਾ ਨਾਮ 20 ਸਾਲਾਂ ਲਈ ਨੈਸ਼ਨਲ ਸੈਕਸ ਅਫੈਂਡਰ ਰਜਿਸਟਰੀ ਵਿੱਚ ਸ਼ਾਮਲ ਕੀਤਾ ਗਿਆ ਹੈ। This report was written by Divroop Kaur as part of the Local Journalism Initiative.

Popular