ਸਰੀ, (ਦਿਵਰੂਪ ਕੌਰ): ਬੀ.ਸੀ. ਸੁਪਰੀਮ ਕੋਰਟ ਦੇ ਇੱਕ ਜੱਜ ਨੇ ਸਰੀ ਦੇ ਇਤਿਹਾਸ ਵਿੱਚ ਹੋਏ ਸਭ ਤੋਂ ਅਜੀਬ ਗੁਆਂਢੀ ਵਿਰੋਧ ਪ੍ਰਦਰਸ਼ਨ ਨਾਲ ਸਬੰਧਤ ਇੱਕ ਹਮਲੇ ਦੇ ਮੁਕੱਦਮੇ ਵਿੱਚ 156,570.91 ਡਾਲਰ ਦੇ ਹਰਜਾਨੇ ਦਾ ਫੈਸਲਾ ਸੁਣਾਇਆ ਹੈ। ਸਾਲ 2021 ਵਿੱਚ ਗਿਲਡਫੋਰਡ ਸਟ੍ਰੀਟ ਦੇ 149 ਬਲਾਕ ਨੂੰ ‘ਨਿਊ ਫੈਡਰਲ ਸਟੇਟ ਆਫ ਚਾਈਨਾ’ ਨਾਮਕ ਸਮੂਹ ਦੇ ਮੈਂਬਰਾਂ ਦੁਆਰਾ 77 ਦਿਨਾਂ ਲਈ ਘੇਰਿਆ ਗਿਆ ਸੀ। ਉਹਨਾਂ ਨੇ ਉੱਥੋਂ ਦੇ ਇੱਕ ਰਿਹਾਇਸ਼ੀ ਅਤੇ ਚੀਨੀ ਭਾਸ਼ਾ ਦੇ ਅਖਬਾਰ ਦੇ ਪੱਤਰਕਾਰ ਬਿੰਗਚੇਨ (ਬੈਂਸਨ) ਗਾਓ ਉੱਤੇ ਚੀਨੀ ਜਾਸੂਸ ਹੋਣ ਦਾ ਦੋਸ਼ ਲਗਾਇਆ ਸੀ।
ਇਹ ਪ੍ਰਦਰਸ਼ਨਕਾਰੀ 20 ਜਨਵਰੀ 2023 ਨੂੰ ਦੁਬਾਰਾ 15 ਦਿਨਾਂ ਲਈ ਉੱਥੇ ਆਏ, ਪਰ ਇਸ ਸਮੂਹ ਦੇ ਇੱਕ ਨੇਤਾ ਸ਼ਿਲੀਾਂਗ ਯਿਨ ਨੇ ਅਚਾਨਕ ਆਪਣਾ ਬਿਆਨ ਬਦਲਦਿਆਂ ਗਾਓ ਦੇ ਪਰਿਵਾਰ ਅਤੇ ਗੁਆਂਢੀਆਂ ਤੋਂ ਮਾਫੀ ਮੰਗ ਲਈ ਅਤੇ ਦਾਅਵਾ ਕੀਤਾ ਕਿ ਉਸ ਦਾ ਬ੍ਰੇਨਵਾਸ਼ ਕੀਤਾ ਗਿਆ ਸੀ। ਇਸੇ ਦੌਰਾਨ ਵਾਪਰੀ ਹਿੰਸਾ ਦੇ ਸਬੰਧ ਵਿੱਚ ਨਿੰਗ ਯੂ ਲੂਈਸ ਹੁਆਂਗ ਨੇ ਯਿਨ ਅਤੇ ਮੁ ਬਾਈ ਵਿਰੁੱਧ ਦੀਵਾਨੀ ਮੁਕੱਦਮਾ ਦਾਇਰ ਕੀਤਾ ਸੀ। ਜਸਟਿਸ ਸਕੌਟ ਮੋਰੀਸ਼ੀਤਾ ਨੇ ਮਈ 15 ਨੂੰ ਇਸ ਮਾਮਲੇ ਉੱਤੇ ਆਪਣਾ ਫੈਸਲਾ ਸੁਣਾਇਆ।
ਘਟਨਾ ਵਾਲੇ ਦਿਨ ਗਾਓ ਨੇ ਹੁਆਂਗ ਨੂੰ ਪੁਲਿਸ ਸਟੇਸ਼ਨ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਸੀ। ਜਦੋਂ ਹੁਆਂਗ ਗੱਡੀ ਵਿੱਚ ਇੰਤਜ਼ਾਰ ਕਰ ਰਿਹਾ ਸੀ, ਤਾਂ ਦੋਵਾਂ ਦੋਸ਼ੀਆਂ ਨੇ ਉਸ ਨਾਲ ਗੱਲ ਕਰਨ ਦੇ ਬਹਾਨੇ ਹਮਲਾ ਕਰ ਦਿੱਤਾ। ਵੀਡੀਓ ਫੁਟੇਜ ਅਨੁਸਾਰ ਦੋਸ਼ੀ ਯਿਨ ਨੇ ਹੁਆਂਗ ਦੇ ਚਿਹਰੇ ਉੱਤੇ ਕਈ ਮੁੱਕੇ ਮਾਰੇ ਅਤੇ ਉਸ ਨੂੰ ਜ਼ਮੀਨ ਉੱਤੇ ਸੁੱਟ ਕੇ ਬੇਰਹਿਮੀ ਨਾਲ ਲੱਤਾਂ ਮਾਰੀਆਂ। ਦੂਜੇ ਦੋਸ਼ੀ ਬਾਈ ਨੇ ਵੀ ਇਸ ਹਮਲੇ ਵਿੱਚ ਯਿਨ ਦਾ ਸਾਥ ਦਿੱਤਾ ਅਤੇ ਹੁਆਂਗ ਦੇ ਸਿਰ ਉੱਤੇ ਵਾਰ ਕੀਤੇ। ਅਦਾਲਤ ਨੇ ਪਾਇਆ ਕਿ ਹੁਆਂਗ ਨੇ ਬਚਾਅ ਤੋਂ ਇਲਾਵਾ ਕੋਈ ਹਿੰਸਕ ਹਰਕਤ ਨਹੀਂ ਕੀਤੀ ਸੀ। ਅਦਾਲਤ ਨੇ ਦੋਵਾਂ ਨੂੰ ਸਾਂਝੇ ਤੌਰ ਉੱਤੇ ਜ਼ਿੰਮੇਵਾਰ ਠਹਿਰਾਉਂਦਿਆਂ ਦੇਣਦਾਰੀ ਵਿੱਚ ਯਿਨ ਨੂੰ 65 ਫੀਸਦੀ ਅਤੇ ਬਾਈ ਨੂੰ 35 ਫੀਸਦੀ ਦਾ ਭਾਗੀਦਾਰ ਬਣਾਇਆ ਹੈ। ਹੁਆਂਗ ਨੇ ਸਰੀਰਕ ਅਤੇ ਮਾਨਸਿਕ ਪੀੜਾ, ਕਮਾਈ ਦੀ ਸਮਰੱਥਾ ਦੇ ਨੁਕਸਾਨ ਅਤੇ ਇਲਾਜ ਦੇ ਖਰਚਿਆਂ ਵਜੋਂ ਭਾਰੀ ਮੁਆਵਜ਼ੇ ਦੀ ਮੰਗ ਕੀਤੀ ਸੀ। ਜੱਜ ਨੇ ਸਾਰੀਆਂ ਪਰਿਸਥਿਤੀਆਂ ਨੂੰ ਦੇਖਦੇ ਹੋਏ ਹੁਆਂਗ ਦੇ ਹੱਕ ਵਿੱਚ 156,570 ਡਾਲਰ ਦਾ ਕੁੱਲ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕੀਤਾ ਹੈ। This report was written by Divroop Kaur as part of the Local Journalism Initiative.

