Saturday, May 23, 2026

ਸਰਹੱਦ ਪਾਰਲੇ ਆਪਣੇ

ਡਾ. ਮਨਜੀਤ ਸਿੰਘ ਬੱਲ
ਸੰਪਰਕ: 98728-43491
ਅਣਵੰਡੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਪੂਰਬੀ ਪੰਜਾਬ ਤੋਂ ਪੱਛਮੀ ਹਿੱਸਿਆਂ ਵੱਲ ਹਿਜਰਤ ਕਰਦੇ ਸਨ ਕਿਉਂਕਿ ਉੱਥੋਂ ਦੀ ਜ਼ਮੀਨ ਬੇਹੱਦ ਜ਼ਰਖ਼ੇਜ਼ ਸੀ। ਲੋਕ ਲਾਇਲਪੁਰ, ਮੁਲਤਾਨ, ਬੂਰੇਵਾਲਾ ਅਤੇ ਖ਼ਾਨੇਵਾਲ ਵਰਗੇ ਖੇਤਰਾਂ ਵਿੱਚ ਖੇਤੀਬਾੜੀ ਜਾਂ ਕਾਰੋਬਾਰ ਕਰਨ ਜਾਂਦੇ ਸਨ। ਉਸ ਸਮੇਂ ਇਹ ਆਮ ਕਹਾਵਤ ਸੀ ਕਿ ‘ਫਲਾਣੇ ਦਾ ਟੱਬਰ ਬਾਰ ਗਿਆ ਹੋਇਆ ਹੈ।’ ਉਦੋਂ ਸਿੱਖ, ਮੁਸਲਮਾਨ, ਹਿੰਦੂ ਤੇ ਇਸਾਈ ਸਭ ਸਾਂਝੇ ਵਿਹੜਿਆਂ ਵਿੱਚ ਰਲ਼-ਮਿਲ ਕੇ ਰਹਿੰਦੇ ਸਨ। ਸਭ ਦੇ ਨਿਆਣੇ ਇਕੱਠੇ ਖੇਡਦੇ ਤੇ ਪਲਦੇ ਸਨ। ਕਦੇ ਮ੍ਹੀਦਾਂ ਖਾਲਾ ਦੇ ਚੁੱਲ੍ਹੇ ’ਤੇ ਰੋਟੀਆਂ ਖਾ ਲਈਆਂ, ਕਦੇ ਧੰਨੋ ਦੇ ਘਰੋਂ ਤੇ ਕਦੇ ਖੇਡਦੇ-ਖੇਡਦੇ ਕਮਲਾ ਤਾਈ ਦੇ ਤੰਦੂਰ ’ਤੇ ਜਾ ਬਹਿਣਾ। ਸਾਰੇ ਧਰਮਾਂ ਦੇ ਪਰਿਵਾਰਾਂ ਦੇ ਬੱਚੇ ਇਕੱਠੇ ਬੈਠ ਕੇ ਦੇਸੀ ਘਿਓ ਨਾਲ ਚੋਪੜੀਆਂ ਤੱਤੀਆਂ-ਤੱਤੀਆਂ ਰੋਟੀਆਂ ਉੱਤੇ ਸ਼ੱਕਰ ਰੱਖ ਕੇ ਸਵਾਦ ਨਾਲ ਛਕਦੇ। ਨਾ ਕੋਈ ਵੈਰ-ਵਿਰੋਧ ਸੀ ਅਤੇ ਨਾ ਹੀ ਧਰਮਾਂ ਕਰਕੇ ਆਪਸੀ ਰਿਸ਼ਤਿਆਂ ਵਿੱਚ ਕੋਈ ਵੱਡਾ ਪਾੜਾ ਸੀ।
ਫਿਰ ਧਰਮ ਦੇ ਆਧਾਰ ’ਤੇ ਪਾਕਿਸਤਾਨ ਬਣਨ ਦੀ ਚਰਚਾ ਨੇ ਮੁਸਲਮਾਨਾਂ ਅਤੇ ਹਿੰਦੂ-ਸਿੱਖਾਂ ਵਿੱਚ ਅਜਿਹੀ ਵਿੱਥ ਪਾ ਦਿੱਤੀ ਕਿ ਸੰਨ ’47 ਦੇ ਅੱਧ ਤੱਕ ਆਉਂਦਿਆਂ ਹੀ ਮੁਹੱਬਤ ਨਾਲ ਵੱਸਦੇ ਫ਼ਿਰਕਿਆਂ ਦਰਮਿਆਨ ਨਫ਼ਰਤ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ। ਸਿੱਖ ਤੇ ਹਿੰਦੂ ਚੜ੍ਹਦੇ ਪੰਜਾਬ ਵੱਲ ਅਤੇ ਮੁਸਲਮਾਨ ਲਹਿੰਦੇ ਪੰਜਾਬ ਵੱਲ ਹਿਜਰਤ ਕਰਨ ਲਈ ਮਜਬੂਰ ਹੋ ਗਏ। ਇਸ ਦੌਰਾਨ ਬੇਅੰਤ ਕਤਲੋਗ਼ਾਰਤ ਹੋਈ, ਘਰ-ਬਾਰ ਸਾੜ ਦਿੱਤੇ ਗਏ ਅਤੇ ਮਨੁੱਖੀ ਮਨਾਂ ਨੂੰ ਵਲੂੰਧਰਨ ਵਾਲੇ ਜਬਰ-ਜਨਾਹ ਹੋਏ। ਪੰਜਾਬੀਆਂ ਦੇ ਖ਼ੂਨ ਨਾਲ ਖੂਹਾਂ ਤੇ ਟੋਭਿਆਂ ਦਾ ਪਾਣੀ ਲਾਲ ਹੋ ਗਿਆ। ਜਾਇਦਾਦਾਂ ਲੁੱਟ ਲਈਆਂ ਗਈਆਂ। ਹਾਲਾਤ ਇੰਨੇ ਖ਼ੌਫ਼ਨਾਕ ਸਨ ਕਿ ਮਾਵਾਂ ਆਪਣੇ ਦੁੱਧ ਚੁੰਘਦੇ ਬੱਚਿਆਂ ਨੂੰ ਰਾਹਾਂ ਵਿੱਚ ਹੀ ਛੱਡਣ ਲਈ ਮਜਬੂਰ ਹੋ ਗਈਆਂ; ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ‘ਉਸ ਵੇਲੇ ਮਾਵਾਂ ਤੋਂ ਪੁੱਤ ਨਹੀਂ ਸਨ ਸੰਭਾਲੇ ਗਏ’। ਸਿਆਸਤ ਨੇ ਅਜਿਹੀ ਲਕੀਰ ਖਿੱਚੀ ਕਿ ਪੁੱਤ ਮਾਪਿਆਂ ਤੋਂ, ਭੈਣਾਂ ਵੀਰਾਂ ਤੋਂ ਅਤੇ ਚਾਚੇ-ਭੂਆ ਆਪਣੇ ਭਤੀਜੇ-ਭਤੀਜੀਆਂ ਤੋਂ ਸਦਾ ਲਈ ਵਿਛੜ ਗਏ। ਵੰਡ ਦੇ ਦੁੱਖ ਹੰਢਾਉਣ ਵਾਲੀ ਉਸ ਪੀੜ੍ਹੀ ਦੇ ਲੋਕ ਤਕਰੀਬਨ ਪੌਣੀ ਸਦੀ ਬੀਤ ਜਾਣ ਮਗਰੋਂ ਹੁਣ ਬਹੁਤ ਘੱਟ ਰਹਿ ਗਏ ਹਨ, ਪਰ ਫਿਰ ਵੀ ਕਿਧਰੇ ਨਾ ਕਿਧਰੇ ਖ਼ੂਨ ਦੇ ਨੇੜਲੇ ਰਿਸ਼ਤੇ ਅਜੇ ਵੀ ਮਿਲ ਜਾਂਦੇ ਹਨ। ਅਜੋਕੀ ਤਕਨਾਲੋਜੀ (ਫੇਸਬੁੱਕ, ਵਟਸਐਪ ਅਤੇ ਐਕਸ/ਟਵਿੱਟਰ ਆਦਿ) ਸਦਕਾ ਹੁਣ ਦੂਜੀ ਜਾਂ ਤੀਜੀ ਪੀੜ੍ਹੀ ਦੇ ਬੱਚੇ ਆਪਣੇ ਉਨ੍ਹਾਂ ਵਿਛੜੇ ਰਿਸ਼ਤਿਆਂ ਨੂੰ ਲੱਭ ਰਹੇ ਹਨ, ਜੋ ਅੱਜ ਵੀ ਖ਼ੂਨ ਦੀ ਸਾਂਝ ਨੂੰ ਪਛਾਣਦੇ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਅਜਿਹੀਆਂ ਕਈ ਸੰਸਥਾਵਾਂ (ਤਨਜ਼ੀਮਾਂ) ਸਰਗਰਮ ਹਨ, ਜੋ ਸਰਹੱਦ ਦੇ ਦੋਵੇਂ ਪਾਸੇ ਵਿਛੜੇ ਰਿਸ਼ਤੇਦਾਰਾਂ ਨੂੰ ਮਿਲਾਉਣ ਦਾ ਉਪਰਾਲਾ ਕਰਦੀਆਂ ਹਨ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਜਿੱਥੇ ਸੰਗਤ ਗੁਰਧਾਮ ਦੇ ਦਰਸ਼ਨ ਕਰ ਰਹੀ ਹੈ, ਉੱਥੇ ਹੀ ਕਈ ਵਿਛੜੇ ਪਰਿਵਾਰਾਂ ਦਾ ਮਿਲਾਪ ਵੀ ਹੋ ਰਿਹਾ ਹੈ। ਪਰ ਅਫ਼ਸੋਸ ਕਿ ਸਰਹੱਦ ਪਾਰ ਜਾ ਕੇ ਆਪਣਿਆਂ ਨੂੰ ਮਿਲਣਾ ਅਜੇ ਵੀ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਦੋਵਾਂ ਮੁਲਕਾਂ ਦੇ ਸਿਆਸੀ ਸਬੰਧ ਸੁਖਾਵੇਂ ਨਹੀਂ ਅਤੇ ਹਕੂਮਤਾਂ ਵੀਜ਼ੇ ਦੇਣ ਵਿੱਚ ਬਹੁਤ ਸਖ਼ਤੀ ਵਰਤਦੀਆਂ ਹਨ।
ਮੈਂ ਸਾਲ 1979 ਵਿੱਚ ਪਹਿਲੀ ਵਾਰ ਜਥੇ ਨਾਲ ਲਾਹੌਰ ਗਿਆ ਸਾਂ ਅਤੇ ਉੱਥੇ ਆਪਣੀ ਸਕੀ ਭੂਆ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਭੂਆ ਵੱਲੋਂ ਤੋਹਫ਼ੇ ਵਜੋਂ ਦਿੱਤਾ ਹੋਇਆ ‘ਡੱਬੀਆਂ ਵਾਲਾ ਖੇਸ’ ਮੇਰੀ ਲੇਖਣੀ ਦਾ ਇੱਕ ਬਹੁਤ ਹੀ ਮਕਬੂਲ ਕਿੱਸਾ ਬਣ ਗਿਆ। ਇਸ ਤੋਂ ਬਾਅਦ 1991 ਵਿੱਚ ਜਦੋਂ ਮੈਂ ਲਾਹੌਰ ਦੇ ‘ਅਲਹਮਰਾ ਆਰਟ ਸੈਂਟਰ’ ਵਿੱਚ ਇੱਕ ਕਾਨਫਰੰਸ ਦੌਰਾਨ ਲੈਕਚਰ ਦੇਣ ਗਿਆ ਤਾਂ ਉੱਥੇ ਆਪਣੀ ਮਾਸੀ ਸੱਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲ ਕੇ ਆਇਆ। ਸਾਲ 2023 ਵਿੱਚ ਜਦੋਂ ਵਿਸਾਖੀ ਦੇ ਜਥੇ ਲਈ ਸਾਡਾ ਵੀਜ਼ਾ ਲੱਗਾ ਤਾਂ ਮੈਂ ਅਤੇ ਮੇਰੀ ਪਤਨੀ ਇੰਦਰਜੀਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਸੱਚਾ ਸੌਦਾ (ਚੂਹੜਕਾਣਾ), ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਅਤੇ ਲਾਹੌਰ ਦੇ ਗੁਰਧਾਮਾਂ ਦੇ ਦਰਸ਼ਨ ਕੀਤੇ। ਇਨ੍ਹਾਂ ਦਰਸ਼ਨਾਂ ਦੇ ਨਾਲ-ਨਾਲ ਸਾਨੂੰ ਖ਼ੂਨ ਦੇ ਰਿਸ਼ਤਿਆਂ ਨੂੰ ਰੀਝ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਚੰਡੀਗੜ੍ਹ ਤੋਂ ਰਵਾਨਾ ਹੋਣ ਵੇਲੇ ਜਦੋਂ ਵਟਸਐਪ ਕਾਲ ’ਤੇ ਭੂਆ ਦੇ ਪੋਤਰੇ ਅਨਵਰ ਨੇ ਬੜੇ ਮੋਹ ਨਾਲ ਪੁੱਛਿਆ, “ਚਾਚਾ ਕੀ ਹਾਲ ਆ…? ਸਭ ਖ਼ੈਰੀਅਤ? ਚਾਚੀ ਨੂੰ ਵੀ ਨਾਲ ਹੀ ਲੈ ਕੇ ਆਵੀਂ,” ਤਾਂ ਮਨ ਖ਼ੁਸ਼ੀ ਨਾਲ ਭਰ ਗਿਆ। ਮੈਂ ਵੀ ਦੱਸ ਦਿੱਤਾ ਕਿ ਅਸੀਂ ਦੋਵੇਂ ਹੀ ਆ ਰਹੇ ਹਾਂ। ਉਨ੍ਹਾਂ ਦੇ ਪੂਰੇ ਪਰਿਵਾਰ ਦੀ ਖ਼ੁਸ਼ੀ ਦਾ ਅੰਦਾਜ਼ਾ ਮੈਂ ਫ਼ੋਨ ’ਤੇ ਹੁੰਦੀਆਂ ਗੱਲਾਂ ਤੋਂ ਸਹਿਜੇ ਹੀ ਲਾ ਸਕਦਾ ਸਾਂ।
“ਜਥੇ ਨੇ ਵਾਹਗਾ ਬਾਰਡਰ ਤੋਂ ਏਸੀ ਬੱਸਾਂ ਰਾਹੀਂ ਸਿੱਧਾ ਨਨਕਾਣਾ ਸਾਹਿਬ ਜਾਣਾ ਹੈ। ਵਾਪਸੀ ’ਤੇ ਲਾਹੌਰ ਵਿੱਚ ਤਿੰਨ ਦਿਨਾਂ ਦਾ ਪ੍ਰੋਗਰਾਮ ਹੈ, ਉਦੋਂ ਹੀ ਤਸੱਲੀ ਨਾਲ ਮਿਲਾਂਗੇ…”। ਚੰਡੀਗੜ੍ਹ ਤੋਂ ਅੰਮ੍ਰਿਤਸਰ ਪੁੱਜ ਕੇ ਮੈਂ ਫ਼ੋਨ ’ਤੇ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿਉਂਕਿ ਸਰਹੱਦ ਪਾਰ ਕਰਨ ਤੋਂ ਬਾਅਦ ਮੋਬਾਈਲ ਨੈੱਟਵਰਕ ਜਾਂ ਵਟਸਐਪ ਕੰਮ ਨਹੀਂ ਕਰਦੇ। ਅਸੀਂ ਰਾਤ ਕੁਵੇਲੇ ਨਨਕਾਣਾ ਸਾਹਿਬ ਪੁੱਜੇ ਅਤੇ ਸਾਡੇ ਰਹਿਣ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਸੀ। ਅਗਲੇ ਦਿਨ ਜਥੇ ਦੇ ਨਾਲ ਬੱਸਾਂ ਰਾਹੀਂ ਗੁਰਦੁਆਰਾ ਸੱਚਾ ਸੌਦਾ, ਚੂਹੜਕਾਣਾ (ਫ਼ਾਰੂਕਾਬਾਦ) ਦੇ ਦਰਸ਼ਨ ਕੀਤੇ। ਸ਼ਾਮ ਪੰਜ ਵਜੇ ਦੇ ਕਰੀਬ ਜਦੋਂ ਅਸੀਂ ਵਾਪਸ ਨਨਕਾਣਾ ਸਾਹਿਬ ਪਹੁੰਚੇ ਤਾਂ ਪਤਾ ਲੱਗਾ ਕਿ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਗੇਟ ਦੇ ਬਾਹਰ ਅਨਵਰ ਆਪਣੇ ਪਰਿਵਾਰ ਸਮੇਤ ਸਾਡੀ ਉਡੀਕ ਕਰ ਰਿਹਾ ਸੀ। ਅਨਵਰ ਨੂੰ ਮੈਂ ਤਕਰੀਬਨ 40 ਸਾਲ ਪਹਿਲਾਂ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ ਮਿਲਿਆ ਸਾਂ। ਉਦੋਂ ਉਹ ਅਜੇ ਲੂੰਆਂ ਜਿਹਾ (ਬਾਲ ਉਮਰ) ਸੀ, ਜਿਸ ਦਾ ਜ਼ਿਕਰ ਮੇਰੇ ਲੇਖ “ਡੱਬੀਆਂ ਵਾਲਾ ਖੇਸ” ਵਿੱਚ ਵੀ ਮਿਲਦਾ ਹੈ। ਅੱਜ ਉਸ ਨੇ ਵਟਸਐਪ ਅਤੇ ਫੇਸਬੁੱਕ ਦੀਆਂ ਤਸਵੀਰਾਂ ਸਦਕਾ ਸਾਨੂੰ ਦੋਵਾਂ ਨੂੰ ਪਛਾਣ ਲਿਆ। ਇੱਕ-ਦੂਜੇ ਨੂੰ ਦੇਖਦਿਆਂ ਹੀ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਅਤੇ ਅੱਖਾਂ ਵਿੱਚ ਗਲੇਡੂ (ਖ਼ੁਸ਼ੀ ਦੇ ਹੰਝੂ) ਭਰ ਆਏ। ਚਾਚੇ-ਭਤੀਜੇ ਨੇ ਇੱਕ-ਦੂਜੇ ਨੂੰ ਘੁੱਟ ਕੇ ਜੱਫੀਆਂ ਪਾਈਆਂ। ਅਨਵਰ ਦੀ ਬੇਗ਼ਮ ਰਜ਼ੀਆ ਅਤੇ ਮੇਰੀ ਪਤਨੀ ਇੰਦਰਜੀਤ ਵੀ ਬੜੀ ਗਰਮਜੋਸ਼ੀ ਨਾਲ ਗਲ਼ਵਕੜੀ ਪਾ ਕੇ ਮਿਲੀਆਂ। ਗੁਰਦੁਆਰਾ ਸਾਹਿਬ ਦੀ ਕੰਧ ਕੋਲ ਸਾਨੂੰ ਖੁਸ਼ਆਮਦੀਦ ਕਹਿਣ ਲਈ ਅਨਵਰ ਨੇ ਮੇਰੇ ਅਤੇ ਰਜ਼ੀਆ ਨੇ ਇੰਦਰਜੀਤ ਦੇ ਗਲ਼ ਵਿੱਚ ਫੁੱਲ-ਮਾਲਾਵਾਂ ਪਾਈਆਂ। “ਅਨਵਰ…, ਤੁਸੀਂ ਐਨੀ ਖੇਚਲ ਕਿਉਂ ਕੀਤੀ? ਲਾਹੌਰ ਤੋਂ ਚੱਲ ਕੇ ਇੱਥੇ ਆ ਗਏ, ਅਸੀਂ ਚਾਰ-ਪੰਜ ਦਿਨਾਂ ਬਾਅਦ ਉੱਥੇ ਆ ਹੀ ਜਾਣਾ ਸੀ…?” ਮੈਂ ਭਰਿਆ ਗਲਾ ਸਾਫ਼ ਕਰਦਿਆਂ ਕਿਹਾ। ਅਨਵਰ ਦਾ ਜਵਾਬ ਬਹੁਤ ਭਾਵੁਕ ਸੀ, “ਚਾਚਾ, ਸਾਡੇ ਕੋਲੋਂ ਚਾਰ-ਪੰਜ ਦਿਨਾਂ ਦਾ ਇੰਤਜ਼ਾਰ ਨਹੀਂ ਹੋਇਆ, ਮਨ ਨੇ ਸਬਰ ਹੀ ਨਹੀਂ ਕੀਤਾ। ਅਸੀਂ ਦੁਪਹਿਰ ਦੋ ਵਜੇ ਤੋਂ ਇੱਥੇ ਰਾਹਾਂ ’ਤੇ ਨਜ਼ਰਾਂ ਵਿਛਾਈ ਬੈਠੇ ਸਾਂ। ਮੇਰਾ ਖ਼ੁਦਾ ਬੜਾ ਮਿਹਰਬਾਨ ਹੈ ਕਿ ਤੁਸੀਂ ਮਿਲ ਗਏ, ਨਹੀਂ ਤਾਂ ਸਾਨੂੰ ਮਾਯੂਸ ਹੋ ਕੇ ਵਾਪਸ ਮੁੜਨਾ ਪੈਣਾ ਸੀ ਅਤੇ ਲਾਹੌਰ ਵਿੱਚ ਹੋਰ ਪੰਜ ਦਿਨ ਉਡੀਕਣਾ ਪੈਣਾ ਸੀ।”
ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਥੇ ਸਮੇਤ ਅਸੀਂ ਸ੍ਰੀ ਪੰਜਾ ਸਾਹਿਬ ਗਏ ਅਤੇ ਫਿਰ ਲਾਹੌਰ ਪਹੁੰਚੇ। ਗੁਰਦੁਆਰਾ ਡੇਰਾ ਸਾਹਿਬ ਵਿਖੇ ਠਹਿਰਾਅ ਦੌਰਾਨ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ, ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਸਮਾਧਾਂ ਅਤੇ ਸ਼ਾਹੀ ਕਿਲ੍ਹਾ ਵੇਖਿਆ। ਇਹ ਉਹੀ ਇਤਿਹਾਸਕ ਕਿਲ੍ਹਾ ਹੈ, ਜਿਸ ਦੀ ਕੰਧ ਉੱਤੋਂ ਬਾਬਾ ਬਿਧੀ ਚੰਦ ਜੀ ਨੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜੇ ਟਪਾ ਕੇ ਰਾਵੀ ਵਿੱਚ ਛਾਲ ਮਾਰੀ ਸੀ। ਇਨ੍ਹਾਂ ਇਤਿਹਾਸਕ ਅਸਥਾਨਾਂ ਦੇ ਦਰਸ਼ਨ-ਦੀਦਾਰੇ ਕਰਨ ਦੇ ਨਾਲ-ਨਾਲ ਅਸੀਂ ਚਾਰ-ਪੰਜ ਘੰਟੇ ਅਨਵਰ ਦੇ ਪਰਿਵਾਰ ਨਾਲ ਬਿਤਾਏ। ਭੂਆ ਦੇ ਪਿੰਡ ‘ਰੋਸੇ-ਭੈਲ’ (ਜ਼ਿਲ੍ਹਾ ਕਸੂਰ) ਤੋਂ ਬਾਕੀ ਭਰਾ ਵੀ ਆਪਣੇ ਪਰਿਵਾਰਾਂ ਸਮੇਤ ਲਾਹੌਰ ਆਏ ਹੋਏ ਸਨ। ਉੱਥੇ ਮਾਹੌਲ ਕਿਸੇ ਵਿਆਹ ਵਰਗਾ ਬਣ ਗਿਆ ਸੀ। ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਹੋਇਆ, ਖ਼ੁਸ਼ੀਆਂ ਸਾਂਝੀਆਂ ਕੀਤੀਆਂ, ਸੈਲਫ਼ੀਆਂ ਲਈਆਂ ਅਤੇ ਵੀਡੀਓਗ੍ਰਾਫੀ ਤੋਂ ਬਾਅਦ ਸਭ ਨੇ ਮਿਲ ਕੇ ਦੁਪਹਿਰ ਦਾ ਖਾਣਾ ਖਾਧਾ। ਅਖ਼ੀਰ ਹੰਝੂ ਭਰੀਆਂ ਅੱਖਾਂ ਨਾਲ ਇੱਕ-ਦੂਜੇ ਤੋਂ ਵਿਦਾਇਗੀ ਲਈ। ਇਸੇ ਤਰ੍ਹਾਂ ਅਗਲੇ ਦਿਨ ਪਤਨੀ ਇੰਦਰਜੀਤ ਦੀ ਸਕੀ ਮਾਸੀ ਆਸੋ (ਧਰਮ ਪਰਿਵਰਤਨ ਤੋਂ ਬਾਅਦ ਅਫ਼ਸ਼ਾਂ) ਦੇ ਤਿੰਨਾਂ ਪੁੱਤਰਾਂ ਨੂੰ ਲਾਹੌਰ ਵਿੱਚ ਮਿਲਣ ਦਾ ਸਬੱਬ ਬਣਿਆ। ਮਾਸੀ ਦੇ ਇਹ ਤਿੰਨੇ ਪੁੱਤਰ ਸਾਲ 2019 ਵਿੱਚ ਸਾਨੂੰ ਕਰਤਾਰਪੁਰ ਸਾਹਿਬ ਵੀ ਮਿਲਣ ਆਏ ਸਨ। ਇਸ ਵਾਰ ਅਸੀਂ ਵੱਡੇ ਦੋ ਪੁੱਤਰਾਂ ਨੂੰ ਉਨ੍ਹਾਂ ਦੇ ਪਿੰਡ ਸ਼ਰਕਪੁਰ (ਜ਼ਿਲ੍ਹਾ ਸ਼ੇਖ਼ੂਪੁਰਾ) ਵਿਖੇ ਹੀ ਮਿਲ ਲਿਆ ਸੀ। ਉੱਥੇ ਵੀ ਫੁੱਲਾਂ ਦੀ ਬਰਸਾਤ ਨਾਲ ਸਾਡਾ ਸਵਾਗਤ ਹੋਇਆ। ਉਹ ਪਲ ਬਹੁਤ ਹੀ ਭਾਵੁਕ ਸਨ।
ਮੈਂ ਸਾਲ 1991 ਵਿੱਚ ਅਲਹਮਰਾ ਆਰਟ ਸੈਂਟਰ ਵਿੱਚ ਹੋਈ ਪੈਥਾਲੋਜੀ ਦੀ ਕਾਨਫਰੰਸ ਵੇਲੇ ਮਾਸੀ ਨੂੰ ਪਹਿਲੀ ਤੇ ਆਖ਼ਰੀ ਵਾਰ ਮਿਲਿਆ ਸਾਂ; ਹੁਣ ਉਹ ਇਸ ਜਹਾਨੋਂ ਕੂਚ ਕਰ ਚੁੱਕੀ ਹੈ। ਉਸ ਵੇਲੇ ਮਾਸੀ ਨੇ ਮੈਨੂੰ ਇੱਕ ਪੁਰਾਣੀ ਗੱਲ ਦੱਸੀ ਸੀ, “ਸਾਲ 1959 ਵਿੱਚ ਜਦੋਂ ਭੈਣ ਸੰਮੋ (ਮੇਰੀ ਸਵਰਗਵਾਸੀ ਸੱਸ ਦਲੀਪ ਕੌਰ) ਪਰਿਵਾਰ ਸਮੇਤ ਇੱਥੇ ਆਈ ਸੀ, ਤਾਂ ਮੈਂ ਕਿਹਾ ਸੀ- ਭੈਣੇ, ਤੇਰੇ ਕੋਲ ਤਿੰਨ ਧੀਆਂ ਨੇ ਤੇ ਮੇਰੇ ਕੋਲ ਕੋਈ ਨਹੀਂ, ਆਹ ਵਿਚਕਾਰਲੀ ਕੁੜੀ ਮੈਨੂੰ ਦੇ ਜਾ…।” ਤਦ ਸੰਮੋ ਨੇ ਜਵਾਬ ਦਿੱਤਾ ਸੀ, “ਜੇ ਤੂੰ ਹਿੰਦੁਸਤਾਨ ਹੁੰਦੀ ਤਾਂ ਮੈਂ ਤੈਨੂੰ ਆਪਣੀ ਧੀ ਬਿਨਾਂ ਝਿਜਕ ਦੇ ਦਿੰਦੀ, ਪਰ ਮੈਂ ਆਪਣੇ ਜਿਗਰ ਦਾ ਟੁਕੜਾ ਪਾਕਿਸਤਾਨ ਵਿੱਚ ਛੱਡ ਕੇ ਨਹੀਂ ਜਾ ਸਕਦੀ।” ਇਸੇ ਤਰ੍ਹਾਂ ਚੀਚਾ ਵਤਨੀ ਰਹਿੰਦਾ ਸਭ ਤੋਂ ਛੋਟਾ ਮਾਮਾ ਸੁਰਜਣ (ਹੁਣ ਗ਼ੁਲਾਮ ਰਸੂਲ) ਆਪਣੀ ਵਡੇਰੀ ਉਮਰ ਅਤੇ ਸਿਹਤ ਕਾਰਨ ਲਾਹੌਰ ਆ ਕੇ ਸਾਨੂੰ ਨਹੀਂ ਮਿਲ ਸਕਿਆ, ਪਰ ਫੋਨ ’ਤੇ ਗੱਲਬਾਤ ਹੋਈ। ਜਦੋਂ ਉਸ ਨੇ ਇੰਦਰਜੀਤ ਨਾਲ ਗੱਲ ਕੀਤੀ ਤਾਂ ਕਹਿਣ ਲੱਗਾ, “ਧੀਏ, ਮੈਨੂੰ ਤਾਂ ਇੰਝ ਲੱਗ ਰਿਹੈ ਜਿਵੇਂ ਮੈਂ ਸੰਮੋ ਨਾਲ ਈ ਗੱਲ ਕਰਨ ਡਿਆਂ।”
ਵਾਹਗੇ ਵਾਲੀ ਲਕੀਰ ਖਿੱਚਣ ਵਾਲੇ ਰੈੱਡਕਲਿਫ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਬਾਸ਼ਿੰਦਿਆਂ ਦੇ ਇਸ ਗੁੰਝਲਦਾਰ ਤਾਣੇ-ਪੇਟੇ ਵਾਲੇ ਰਿਸ਼ਤਿਆਂ ਬਾਰੇ ਕੋਈ ਇਲਮ ਨਹੀਂ ਸੀ। ਕਹਿੰਦੇ ਨੇ ਕਿ ਕੁਝ ਸਾਲਾਂ ਬਾਅਦ ਜਦੋਂ ਉਸ ਨੂੰ ਇਸ ਵੰਡ ਦੇ ਭਿਆਨਕ ਨਤੀਜਿਆਂ ਅਤੇ ਲੋਕਾਂ ਦੇ ਉੱਜੜਨ ਦਾ ਪਤਾ ਲੱਗਾ ਤਾਂ ਉਹ ਆਪਣੇ ਮੱਥੇ ’ਤੇ ਹੱਥ ਮਾਰ ਕੇ ਕਹਿੰਦਾ ਸੀ, “ਮੈਥੋਂ ਬਹੁਤ ਵੱਡੀ ਭੁੱਲ ਹੋ ਗਈ।” ਅੱਲਾ ਦੀਆਂ ਰੁਸ਼ਨਾਈਆਂ ਸਭ ਲਈ ਸਾਂਝੀਆਂ ਹਨ। ਜੇ ਇਹ ਸਾਰੀ ਧਰਤੀ ਰੱਬ ਦੀ ਹੈ ਤਾਂ ਫਿਰ ਮਨੁੱਖਾਂ ਵਿਚਾਲੇ ਇਹ ਨਫ਼ਰਤ ਦੀਆਂ ਲਕੀਰਾਂ ਕਿਸ ਨੇ ਵਾਹੀਆਂ ਨੇ?

Popular