ਸਰੀ, (ਦਿਵਰੂਪ ਕੌਰ): ਸਰੀ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤੀ ਜਾ ਰਹੀ ਪਹਿਲੀ ਰਿਹਾਇਸ਼ੀ ਇਮਾਰਤ ਦੀ ਉਸਾਰੀ ਇੱਕ ਉਤਸਵ ਵਾਲੇ ਮਾਹੌਲ ਵਿੱਚ ਸ਼ੁਰੂ ਹੋ ਗਈ ਹੈ। ਵੈਸਟਰਨ ਕਮਿਊਨਿਟੀ ਕਾਲਜ ਦੀ ਇਹ ਆਨ ਕੈਂਪਸ ਸਟੂਡੈਂਟ ਹਾਊਸਿੰਗ ਸਰੀ ਮੈਮੋਰੀਅਲ ਹਸਪਤਾਲ ਦੇ ਨੇੜੇ ਹੈਲਥ ਐਂਡ ਟੈਕਨਾਲੋਜੀ ਡਿਸਟ੍ਰਿਕਟ ਦੇ ਸਿਟੀ ਸੈਂਟਰ 5 ਵਿੱਚ ਬਣਾਈ ਜਾਵੇਗੀ। ਇਸ 23 ਮੰਜ਼ਿਲਾ ਇਮਾਰਤ ਦੇ ਨਿਰਮਾਣ ਲਈ ਸਿਟੀ ਸੈਂਟਰ 4 ਦੇ ਬਿਲਕੁਲ ਉੱਤਰ ਵੱਲ ਖੁਦਾਈ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। 20 ਮਈ ਦਿਨ ਬੁੱਧਵਾਰ ਨੂੰ ਹੋਏ ਇਸ ਉਦਘਾਟਨੀ ਸਮਾਰੋਹ ਵਿੱਚ ਸਰੀ ਦੀ ਮੇਅਰ ਬਰੈਂਡਾ ਲੌਕ, ਲਾਰਕ ਗਰੁੱਪ ਦੇ ਸੀਈਓ ਕਿਰਕ ਫਿਸ਼ਰ, ਵੈਸਟਰਨ ਕਮਿਊਨਿਟੀ ਕਾਲਜ ਦੀ ਕਾਰਜਕਾਰੀ ਰਿੰਪੀ ਧਾਲੀਵਾਲ ਅਤੇ ਯੂਨੀਲੌਜ ਕੈਨੇਡਾ ਦੇ ਮਾਈਕ ਪੋਰਿਟ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਜੈਕਟ ਵਿੱਚ ਆਈਸੀਟੀ ਗਰੁੱਪ ਅਤੇ ਲਾਰਕ ਗਰੁੱਪ ਭਾਈਵਾਲ ਹਨ। ਯੂਨੀਲੌਜ ਕੈਨੇਡਾ ਨੂੰ 182,000 ਵਰਗ ਫੁੱਟ ਵਿੱਚ ਬਣਨ ਵਾਲੇ 810 ਬਿਸਤਰਿਆਂ ਦੇ ਪ੍ਰਬੰਧਨ ਦਾ ਠੇਕਾ ਦਿੱਤਾ ਗਿਆ ਹੈ। ਇਸ ਇਮਾਰਤ ਦਾ ਨਿਰਮਾਣ 2028 ਦੀ ਪਤਝੜ ਰੁੱਤ ਤੱਕ ਮੁਕੰਮਲ ਹੋਣ ਦਾ ਟੀਚਾ ਮਿੱਥਿਆ ਗਿਆ ਹੈ। ਸਿਟੀ ਸੈਂਟਰ 5 ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਵਾਲੀ ਰਿਹਾਇਸ਼ ਮਿਲੇਗੀ ਜਿਸ ਵਿੱਚ ਸਟੂਡੀਓ, 1 ਬੈੱਡਰੂਮ ਅਤੇ 2 ਬੈੱਡਰੂਮ ਵਾਲੇ ਯੂਨਿਟ ਸ਼ਾਮਲ ਹੋਣਗੇ। ਵੈਸਟਰਨ ਕਮਿਊਨਿਟੀ ਕਾਲਜ ਦੇ ਕੈਂਪਸ ਸਿਟੀ ਸੈਂਟਰ 4 ਅਤੇ ਸਿਟੀ ਸੈਂਟਰ 3 ਵਿੱਚ ਪਹਿਲਾਂ ਹੀ ਚੱਲ ਰਹੇ ਹਨ। ਇਸੇ ਤਰ੍ਹਾਂ ਯੂਬੀਸੀ ਵੱਲੋਂ ਸਿਟੀ ਸੈਂਟਰ 1 ਵਿੱਚ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਨੇੜਲੀ ਜਾਇਦਾਦ ਲਈ ਹੋਰ ਯੋਜਨਾਵਾਂ ਉੱਤੇ ਕੰਮ ਜਾਰੀ ਹੈ। ਇਸ ਤੋਂ ਕੁਝ ਬਲਾਕ ਦੂਰ ਐਸਐਫਯੂ ਦਾ ਵਿਸਥਾਰ ਵੀ ਹੋ ਰਿਹਾ ਹੈ ਜਿਸ ਵਿੱਚ ਇੱਕ ਮੈਡੀਕਲ ਸਕੂਲ ਸ਼ਾਮਲ ਹੈ। ਹੈਲਥ ਐਂਡ ਟੈਕਨਾਲੋਜੀ ਡਿਸਟ੍ਰਿਕਟ ਨੂੰ 11 ਪੜਾਵਾਂ ਵਾਲੇ ਵਿਕਾਸ ਵਜੋਂ ਯੋਜਨਾਬੱਧ ਕੀਤਾ ਗਿਆ ਹੈ ਜਿਸ ਦਾ ਉਦੇਸ਼ ਸਿਹਤ ਸੰਭਾਲ, ਸਿੱਖਿਆ ਅਤੇ ਤਕਨਾਲੋਜੀ ਸੰਸਥਾਵਾਂ ਨੂੰ ਇੱਕ ਮੰਚ ਉੱਤੇ ਲਿਆਉਣਾ ਹੈ। ਇਸ ਦੇ ਨਾਲ ਹੀ ਨਿਊਟਨ ਵਿੱਚ ਕੇਪੀਯੂ ਸਰੀ ਕੈਂਪਸ ਵਿਖੇ ਵੀ ਸੂਬਾਈ ਫੰਡਿੰਗ ਨਾਲ 144 ਮਿਲੀਅਨ ਡਾਲਰ ਦੇ ਬਜਟ ਤਹਿਤ 8 ਮੰਜ਼ਿਲਾ ਇਮਾਰਤ ਵਿੱਚ 350 ਵਿਦਿਆਰਥੀਆਂ ਲਈ ਰਿਹਾਇਸ਼ ਬਣਾਈ ਜਾਵੇਗੀ ਜੋ 2030 ਤੱਕ ਪੂਰੀ ਹੋਵੇਗੀ।

