Saturday, May 23, 2026

ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਮਲੇ ਵਿੱਚ ਸਰੀ ਦੇ ਓਪਿੰਦਰ ਸਿੰਘ ਸਿਆਨ ਨੂੰ ਅਮਰੀਕਾ ਵਿੱਚ ਸਾਢੇ 6 ਸਾਲ ਦੀ ਸਜ਼ਾ

ਸਰੀ, (ਦਿਵਰੂਪ ਕੌਰ): ਅੰਤਰਰਾਸ਼ਟਰੀ ਡਰੱਗ ਨੈੱਟਵਰਕ ਨਾਲ ਸਬੰਧਤ ਇੱਕ ਅਹਿਮ ਮਾਮਲੇ ਵਿੱਚ ਸਰੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 6.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 38 ਸਾਲਾ ਓਪਿੰਦਰ ਸਿੰਘ ਸਿਆਨ ‘ਤੇ ਮੈਥਾਮਫੇਟਾਮਾਈਨ ਨਸ਼ੇ ਨੂੰ ਅਮਰੀਕਾ ਤੋਂ ਆਸਟ੍ਰੇਲੀਆ ਭੇਜਣ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਸਨ। ਸਿਆਨ ਨੂੰ ਜੁਲਾਈ 2025 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਲਾਸ ਏਂਜਲਸ ਤੋਂ ਆਸਟ੍ਰੇਲੀਆ ਤੱਕ 530 ਪੌਂਡ ਮੈਥ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਸੀ। ਸਿਆਨ ਨੇ 12 ਨਵੰਬਰ ਨੂੰ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੀ ਸੰਯੁਕਤ ਰਾਜ ਜ਼ਿਲ੍ਹਾ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ।
ਮੀਡੀਆ ਰਿਪੋਰਟਾਂ ਅਨੁਸਾਰ ਪ੍ਰਾਪਤ ਕੀਤੇ ਗਏ ਪਲੀਅ ਐਗਰੀਮੈਂਟ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਿਆਨ ਨੇ ਜਾਣਬੁੱਝ ਕੇ 27 ਸਤੰਬਰ 2022 ਤੋਂ ਲੈ ਕੇ 22 ਅਕਤੂਬਰ 2023 ਦੇ ਦਰਮਿਆਨ ਕੈਲੀਫੋਰਨੀਆ ਦੀ ਲੌਂਗ ਬੀਚ ਬੰਦਰਗਾਹ ਤੋਂ ਸਿਡਨੀ ਆਸਟ੍ਰੇਲੀਆ ਤੱਕ 50 ਗ੍ਰਾਮ ਤੋਂ ਵੱਧ ਮੈਥ ਬਰਾਮਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੀ ਗੱਲ ਮੰਨੀ ਹੈ।
ਇਸ ਸਮੇਂ ਦੌਰਾਨ ਸਿਆਨ ਨੇ ਆਪਣੇ ਸਾਥੀਆਂ ਤੱਕ ਨਸ਼ਾ ਪਹੁੰਚਾਉਣ ਦਾ ਤਾਲਮੇਲ ਉਸ ਵਿਅਕਤੀ ਨਾਲ ਕੀਤਾ ਜਿਸ ਬਾਰੇ ਉਸ ਦਾ ਮਨਣਾ ਸੀ ਕਿ ਉਹ ਨਸ਼ੇ ਨੂੰ ਆਸਟ੍ਰੇਲੀਆ ਪਹੁੰਚਾਉਣ ਵਿੱਚ ਮਦਦ ਕਰੇਗਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਅਸਲ ਵਿੱਚ ਉਹ ਵਿਅਕਤੀ ਅਮਰੀਕੀ ਡਰੱਗ ਐਨਫੋਰਸਮੈਂਟ ਏਜੰਸੀ (DEA) ਦੇ ਨਿਰਦੇਸ਼ਾਂ ‘ਤੇ ਕੰਮ ਕਰਨ ਵਾਲਾ ਇੱਕ ਖੁਫੀਆ ਸੂਚਕ ਸੀ।
ਸਿਆਨ ਅਤੇ ਉਸ ਦੇ ਸਾਥੀਆਂ ਨੇ ਅੰਡਰਕਵਰ ਏਜੰਟ ਨੂੰ ਨਸ਼ੇ ਦੀ ਸਪਲਾਈ ਲਈ 4 ਵੱਖ-ਵੱਖ ਮੌਕਿਆਂ ‘ਤੇ ਡਿਲੀਵਰੀ ਕੀਤੀ।
ਸਿਆਨ ਨੇ ਡਿਲੀਵਰੀ ਦਾ ਪ੍ਰਬੰਧ ਕਰਨ ਲਈ ਸੂਤਰ ਅਤੇ ਆਪਣੇ ਅਪਰਾਧਿਕ ਸਾਥੀਆਂ ਨਾਲ ਕਈ ਗਰੁੱਪ ਚੈਟ ਬਣਾਏ ਸਨ। ਅਦਾਲਤੀ ਰਿਕਾਰਡ ਮੁਤਾਬਕ 22 ਜੂਨ 2023 ਨੂੰ 12.91 ਕਿਲੋਗ੍ਰਾਮ, 6 ਜੁਲਾਈ 2023 ਨੂੰ 80.3 ਕਿਲੋਗ੍ਰਾਮ, 21 ਅਗਸਤ 2023 ਨੂੰ 40.6 ਕਿਲੋਗ੍ਰਾਮ ਅਤੇ 28 ਅਗਸਤ 2023 ਨੂੰ 86.9 ਕਿਲੋਗ੍ਰਾਮ ਮੈਥ ਡਿਲੀਵਰ ਕੀਤਾ ਗਿਆ। ਸਿਆਨ ਅਤੇ ਉਸ ਦੇ ਸਾਥੀ ਇਹ ਸਮਝ ਰਹੇ ਸਨ ਕਿ ਇਹ ਨਸ਼ਾ ਆਸਟ੍ਰੇਲੀਆ ਜਾਵੇਗਾ। ਸਿਆਨ ਨੇ ਕੁੱਲ 220.7 ਕਿਲੋਗ੍ਰਾਮ ਮੈਥ ਬਰਾਮਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਤੱਥਾਂ ਨੂੰ ਸਵੀਕਾਰ ਕੀਤਾ ਹੈ।
ਅਦਾਲਤੀ ਦਸਤਾਵੇਜ਼ਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਿਆਨ ਆਇਰਿਸ਼ ਸੰਗਠਿਤ ਅਪਰਾਧਕ ਕਿਨਾਹਨ ਪਰਿਵਾਰ, ਇਤਾਲਵੀ ਅਤੇ ਕੈਨੇਡੀਅਨ ਅਪਰਾਧਿਕ ਗਰੁੱਪਾਂ ਨਾਲ ਜੁੜਿਆ ਹੋਇਆ ਸੀ। ਅਖਬਾਰੀ ਰਿਪੋਰਟਾਂ ਨੇ ਸਿਆਨ ਦੇ ਸਬੰਧ ਬੀ.ਸੀ. ਅਧਾਰਤ ਬ੍ਰਦਰ ਕੀਪਰਸ ਗੈਂਗ ਨਾਲ ਵੀ ਦੱਸੇ ਹਨ। ਅਮਰੀਕੀ ਜ਼ਿਲ੍ਹਾ ਜੱਜ ਡੇਵਿਡ ਕਾਰਟਰ ਨੇ 13 ਮਈ 2026 ਨੂੰ ਸਿਆਨ ਨੂੰ ਸਜ਼ਾ ਸੁਣਾਈ।
ਅਦਾਲਤ ਨੇ ਸਿਆਨ ਨੂੰ 100 ਡਾਲਰ ਦਾ ਵਿਸ਼ੇਸ਼ ਮੁਲਾਂਕਣ ਅਦਾ ਕਰਨ ਦਾ ਹੁਕਮ ਦਿੱਤਾ ਹੈ, ਜਦਕਿ ਬਾਕੀ ਜੁਰਮਾਨੇ ਉਸ ਦੀ ਅਦਾਇਗੀ ਕਰਨ ਦੀ ਅਸਮਰੱਥਾ ਕਾਰਨ ਮੁਆਫ ਕਰ ਦਿੱਤੇ ਗਏ ਹਨ। ਰਿਹਾਈ ਤੋਂ ਬਾਅਦ 2 ਸਾਲ ਲਈ ਉਹ ਪ੍ਰੋਬੇਸ਼ਨ ‘ਤੇ ਰਹੇਗਾ ਜਿਸ ਦੌਰਾਨ ਉਹ ਕੋਈ ਹਥਿਆਰ ਨਹੀਂ ਰੱਖ ਸਕੇਗਾ। This report was written by Divroop Kaur as part of the Local Journalism Initiative.

Popular