Sunday, May 31, 2026

ਵਿਸ਼ਵ ਕੱਪ ਦੀ ਤਿਆਰੀ ਲਈ ਕੈਨੇਡੀਅਨ ਫੁਟਬਾਲ ਟੀਮ ਟ੍ਰੇਨਿੰਗ ਲਈ ਅਮਰੀਕਾ ਭੇਜਣ ’ਤੇ ਿਛੜੀ ਚਰਚਾ

ਸਰੀ, (ਦਿਵਰੂਪ ਕੌਰ): ਕੈਨੇਡੀਅਨ ਪੁਰਸ਼ ਕੌਮੀ ਫੁਟਬਾਲ ਟੀਮ ਆਪਣੇ ਘਰੇਲੂ ਮੈਦਾਨ ‘ਤੇ ਪਹਿਲੀ ਵਾਰ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਹੈ, ਜਿਸ ਵਿੱਚ ਸਿਰਫ਼ 17 ਦਿਨ ਬਾਕੀ ਹਨ। ਖਿਡਾਰੀ ਕੈਲੀਫੋਰਨੀਆ, ਇੰਗਲੈਂਡ, ਬੈਲਜੀਅਮ ਅਤੇ ਹੋਰ ਦੇਸ਼ਾਂ ਦੇ ਆਪਣੇ ਕਲੱਬਾਂ ਤੋਂ ਪਹੁੰਚਣੇ ਸ਼ੁਰੂ ਹੋ ਗਏ ਹਨ। ਪਰ ਕੈਨੇਡਾ ਵਿੱਚ ਇਕੱਠੇ ਹੋਣ ਦੀ ਬਜਾਏ, ਟ੍ਰੇਨਿੰਗ ਕੈਂਪ ਲਈ ਸੱਦੇ ਗਏ ਖਿਡਾਰੀ ਸਰਹੱਦ ਤੋਂ ਲਗਭਗ 800 ਕਿਲੋਮੀਟਰ ਦੱਖਣ ਵੱਲ ਅਮਰੀਕਾ ਗਏ ਹਨ।
ਨੌਰਥ ਕੈਰੋਲੀਨਾ ਦੇ ਸ਼ਾਰਲੋਟ ਸ਼ਹਿਰ ਵਿੱਚ ਸਥਿਤ ਐਟਰੀਅਮ ਹੈਲਥ ਪਰਫਾਰਮੈਂਸ ਪਾਰਕ ਪੂਰੇ ਹਫਤੇ ਲਈ ਕੈਨੇਡੀਅਨ ਟੀਮ ਦੀ ਮੇਜ਼ਬਾਨੀ ਕਰ ਰਿਹਾ ਹੈ। ਮੁੱਖ ਕੋਚ ਜੈਸੀ ਮਾਰਸ਼ ਸ਼ੁੱਕਰਵਾਰ ਨੂੰ ਇਸੇ ਸ਼ਹਿਰ ਤੋਂ ਗਲੋਬਲ ਫੁਟਬਾਲ ਟੂਰਨਾਮੈਂਟ ਲਈ ਆਪਣੀ 26 ਮੈਂਬਰੀ ਅੰਤਿਮ ਟੀਮ ਦਾ ਐਲਾਨ ਕਰਨਗੇ। ਭਾਵੇਂ ਕੈਨੇਡਾ ਨੇ ਆਪਣੇ ਪਹਿਲੇ 3 ਵਿਸ਼ਵ ਕੱਪ ਮੈਚ ਘਰੇਲੂ ਮੈਦਾਨ ‘ਤੇ ਖੇਡਣੇ ਹਨ, ਪਰ ਅਹਿਮ ਟ੍ਰੇਨਿੰਗ ਅਮਰੀਕਾ ਵਿੱਚ ਹੋਣ ਦਾ ਮੁੱਖ ਕਾਰਨ ਮੌਸਮ ਹੈ। ਕੋਚ ਮਾਰਸ਼ ਨੇ ਦੱਸਿਆ ਕਿ ਕੈਨੇਡੀਅਨ ਖਿਡਾਰੀ ਬਹੁਤੀ ਗਰਮੀ ਵਿੱਚ ਖੇਡਣ ਦੇ ਆਦੀ ਨਹੀਂ ਹਨ।
ਵਿਸ਼ਵ ਕੱਪ ਦੇ ਮੈਚ 11 ਜੂਨ ਤੋਂ 19 ਜੁਲਾਈ ਤੱਕ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿੱਚ ਖੇਡੇ ਜਾਣੇ ਹਨ। ਇਸ ਦੌਰਾਨ ਤਾਪਮਾਨ ਅਤੇ ਨਮੀ ਵਧੇਰੇ ਹੋਣ ਦੀ ਸੰਭਾਵਨਾ ਹੈ। ਮਾਰਸ਼ ਨੇ ਕਿਹਾ ਕਿ ਟ੍ਰੇਨਿੰਗ ਦੌਰਾਨ ਟੀਮ ਨੂੰ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਗਰਮੀ ਵਿੱਚ ਆਪਣੀ ਖੇਡ ਨੂੰ ਕਿਵੇਂ ਬਰਕਰਾਰ ਰੱਖਣਾ ਹੈ। ਮੰਗਲਵਾਰ ਸਵੇਰ ਦਾ ਟ੍ਰੇਨਿੰਗ ਸੈਸ਼ਨ ਵੀ ਗਰਮੀ ਅਤੇ ਨਮੀ ਦੇ ਮੱਦੇਨਜ਼ਰ ਬਾਅਦ ਦੁਪਹਿਰ ਲਈ ਤਬਦੀਲ ਕਰ ਦਿੱਤਾ ਗਿਆ ਸੀ ਜਦੋਂ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਸੀ। ਇਸ ਤੋਂ ਪਹਿਲਾਂ 2024 ਦੇ ਕੋਪਾ ਅਮਰੀਕਾ ਟੂਰਨਾਮੈਂਟ ਦੌਰਾਨ ਵੀ ਟੀਮ ਨੇ 38 ਡਿਗਰੀ ਤਾਪਮਾਨ ਵਿੱਚ ਖੇਡਣ ਦਾ ਤਜਰਬਾ ਹਾਸਲ ਕੀਤਾ ਸੀ।
ਕੈਨੇਡਾ ਦਾ ਪਹਿਲਾ ਮੈਚ 12 ਜੂਨ ਨੂੰ ਟੋਰਾਂਟੋ ਵਿੱਚ ਬੋਸਨੀਆ-ਹਰਜ਼ੇਗੋਵੀਨਾ ਵਿਰੁੱਧ ਹੋਵੇਗਾ। ਇਸ ਤੋਂ ਬਾਅਦ ਟੀਮ 18 ਜੂਨ ਨੂੰ ਕਤਰ ਅਤੇ 24 ਜੂਨ ਨੂੰ ਸਵਿਟਜ਼ਰਲੈਂਡ ਵਿਰੁੱਧ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿੱਚ ਮੈਚ ਖੇਡੇਗੀ। ਕੈਨੇਡਾ ਸੌਕਰ ਦੇ ਸੀਈਓ ਕੇਵਿਨ ਬਲੂ ਨੇ ਕਿਹਾ ਕਿ ਸ਼ਾਰਲੋਟ ਵਿੱਚ ਹੋ ਰਹੀ ਸਖ਼ਤ ਟ੍ਰੇਨਿੰਗ ਖਿਡਾਰੀਆਂ ਨੂੰ ਟੀਮ ਦੇ ਸਰੀਰਕ ਤੌਰ ‘ਤੇ ਮਜ਼ਬੂਤ ਖੇਡ ਢੰਗ ਲਈ ਤਿਆਰ ਕਰੇਗੀ। ਕੋਚ ਨੇ ਕਿਹਾ ਕਿ ਇਹ ਇਕਾਂਤ ਮਾਹੌਲ ਖਿਡਾਰੀਆਂ ਦਾ ਧਿਆਨ ਟੂਰਨਾਮੈਂਟ ‘ਤੇ ਕੇਂਦਰਿਤ ਰੱਖਣ ਵਿੱਚ ਵੀ ਮਦਦ ਕਰੇਗਾ। This report was written by Divroop Kaur as part of the Local Journalism Initiative.

Popular