ਸਰੀ, (ਦਿਵਰੂਪ ਕੌਰ): ਮੈਨੀਟੋਬਾ ਦੀ ਸਰਕਾਰ ਵੱਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਭਾਰਤ ਵਿੱਚ ਆਪਣਾ ਪ੍ਰਤੀਨਿਧੀ ਨਿਯੁਕਤ ਕੀਤਾ ਜਾਵੇਗਾ। ਭਾਰਤ ਵਿੱਚ ਕੰਮ ਕਰਨ ਵਾਲੇ ਪ੍ਰੋਵਿੰਸ ਦੇ ਨੁਮਾਇੰਦੇ ਨੂੰ 1.5 ਲੱਖ ਡਾਲਰ ਦਾ ਸਲਾਨਾ ਭੱਤਾ ਮਿਲੇਗਾ। ਮੈਨੀਟੋਬਾ ਦੇ ਟਰੇਡ ਮਨਿਸਟਰ ਜੈਮੀ ਮੋਜ਼ਜ਼ ਦਾ ਕਹਿਣਾ ਹੈ ਕਿ ਇਹ ਸੂਬੇ ਲਈ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਵਿੱਚੋਂ 1 ਨਾਲ ਨਜ਼ਦੀਕੀ ਸਬੰਧ ਵਿਕਸਤ ਕਰਨ ਲਈ 1 ਮਹੱਤਵਪੂਰਨ ਕਦਮ ਹੈ। ਸੂਬਾਈ ਸਰਕਾਰ ਵੱਲੋਂ ਸਤੰਬਰ 2025 ਵਿੱਚ ਐਲਾਨੀ ਗਈ ਮੈਨੀਟੋਬਾ ਦੀ ਆਰਥਿਕ ਵਿਕਾਸ ਰਣਨੀਤੀ ਵਿੱਚ ਅਮਰੀਕੀ ਬਾਜ਼ਾਰ ‘ਤੇ ਜ਼ਿਆਦਾ ਨਿਰਭਰਤਾ ਨੂੰ ਘਟਾਉਣ ਦਾ ਟੀਚਾ ਮਿਥਿਆ ਗਿਆ ਸੀ।
ਟਰੇਡ ਮਨਿਸਟਰ ਜੈਮੀ ਮੋਜ਼ਜ਼ ਦਾ ਕਹਿਣਾ ਹੈ ਕਿ ਉਕਤ ਪ੍ਰਤੀਨਿਧੀ ਮਾਰਕੀਟ ਇੰਟੈਲੀਜੈਂਸ ਪ੍ਰਦਾਨ ਕਰਨ ਦੇ ਨਾਲ ਨਾਲ ਵਪਾਰਕ ਸੰਪਰਕ ਸਥਾਪਿਤ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰੋਵਿੰਸ ਦਾ ਨੁਮਾਇੰਦਾ ਨਿਵੇਸ਼ ਨੂੰ ਆਕਰਸ਼ਿਤ ਕਰੇਗਾ। ਦੱਸਣਯੋਗ ਹੈ ਕਿ ਸਸਕੈਚਵਨ ਸਰਕਾਰ ਦਾ ਵੀ ਭਾਰਤ ਵਿੱਚ 1 ਦਫ਼ਤਰ ਹੈ। ਸਸਕੈਚਵਨ ਵਿਆਪਕ ਪੱਧਰ ‘ਤੇ ਦਾਲਾਂ ਭਾਰਤ ਨੂੰ ਨਿਰਯਾਤ ਕਰਦਾ ਹੈ। ਮੈਨੀਟੋਬਾ ਸਰਕਾਰ ਦੇ ਇਸ ਕਦਮ ਦਾ ਭਾਰਤ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। 2 ਦੇਸ਼ਾਂ ਵੱਲੋਂ ਵਪਾਰ ਵਧਾਉਣ ਦੇ ਯਤਨ ਜਾਰੀ ਹਨ। ਕੈਨੇਡਾ ਅਤੇ ਭਾਰਤ ਵੱਲੋਂ ਵਪਾਰਕ ਸਾਂਝਾ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਹਫ਼ਤੇ ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੀ ਅਗਵਾਈ ਵਿਚ 1 ਵਫ਼ਦ ਕੈਨੇਡਾ ਪਹੁੰਚਿਆ ਹੈ ਜੋ ਕਿ ਕੈਨੇਡਾ ਸਰਕਾਰ ਅਨੁਸਾਰ ਭਾਰਤ ਵੱਲੋਂ ਕਦੇ ਵੀ ਕਿਸੇ ਹੋਰ ਦੇਸ਼ ਲਈ ਭੇਜਿਆ ਗਿਆ ਸਭ ਤੋਂ ਵਿਸ਼ਾਲ ਵਫ਼ਦ ਹੈ। ਇਹ ਵਫ਼ਦ ਕੈਨੇਡਾ ਦੇ 3 ਰੋਜ਼ਾ ਦੌਰੇ ‘ਤੇ ਹੈ। ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਹਾਲੀਆ ਭਾਰਤ ਦੌਰੇ ਨੇ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨਵੀਂ ਦਿਸ਼ਾ ਦੇ ਦਿੱਤੀ ਹੈ।
ਗੋਇਲ ਇਸ ਹਫ਼ਤੇ ਕੈਨੇਡਾ ਵਿੱਚ ਵਪਾਰ ਅਤੇ ਨਿਵੇਸ਼ ਨਾਲ ਜੁੜੀਆਂ ਮੀਟਿੰਗਾਂ ਲਈ ਆਏ ਹੋਏ ਹਨ ਅਤੇ ਸੋਮਵਾਰ ਸਵੇਰੇ ਉਨ੍ਹਾਂ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਪਹਿਲਾਂ ਗੋਇਲ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਬਹੁਤ ਮਹੱਤਵਪੂਰਨ ਹੋਣਗੇ। ਉਨ੍ਹਾਂ ਨੇ ਕਿਹਾ ਕਿ 2 ਦੇਸ਼ 2026 ਤੱਕ 1 ਮੁਕਤ ਵਪਾਰ ਸਮਝੌਤਾ ਕਰਨ ਲਈ ਉਤਸੁਕ ਹਨ। ਕੈਨੇਡਾ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ 2010 ਤੋਂ ਚੱਲ ਰਹੀ ਹੈ ਪਰ 2023 ਵਿੱਚ ਇਹ ਗੱਲਬਾਤ ਰੋਕ ਦਿੱਤੀ ਗਈ ਸੀ।
ਉਸ ਵੇਲੇ ਕੈਨੇਡਾ ਦੀ ਫੈਡਰਲ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਹੋਣ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ 2 ਦੇਸ਼ਾਂ ਦੇ ਰਿਸ਼ਤੇ ਕਾਫ਼ੀ ਤਣਾਅਪੂਰਨ ਹੋ ਗਏ ਸਨ। ਪਰ ਜਦੋਂ 2025 ਵਿੱਚ ਮਾਰਕ ਕਾਰਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਭਾਰਤ ਨਾਲ ਰਿਸ਼ਤਿਆਂ ਨੂੰ ਦੁਬਾਰਾ ਮਜ਼ਬੂਤ ਕਰਨ ਨੂੰ ਤਰਜੀਹ ਦਿੱਤੀ। ਇਸੇ ਸਿਲਸਿਲੇ ਵਿੱਚ ਕਾਰਨੀ ਨੇ ਮਾਰਚ ਵਿੱਚ ਮੁੰਬਈ ਅਤੇ ਨਵੀਂ ਦਿੱਲੀ ਦਾ ਦੌਰਾ ਕੀਤਾ ਜੋ ਪਿਛਲੇ 8 ਸਾਲਾਂ ਵਿੱਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਭਾਰਤ ਦਾ ਦੌਰਾ ਸੀ। This report was written by Divroop Kaur as part of the Local Journalism Initiative.

