ਸਰੀ, (ਦਿਵਰੂਪ ਕੌਰ): ਨੋਵਾ ਸਕੋਸ਼ੀਆ ਵਿੱਚ ਲੌਂਗ ਟਰਮ ਕੇਅਰ ਸੁਵਿਧਾਵਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੇ ਪਰਿਵਾਰਾਂ ਨੂੰ ਬੁੱਧਵਾਰ ਨੂੰ ਉਸ ਸਮੇਂ ਕੁਝ ਆਸ ਬੱਝੀ ਜਦੋਂ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ 6 ਹਫਤਿਆਂ ਦੀ ਹੜਤਾਲ ਤੋਂ ਬਾਅਦ ਮੁੜ ਗੱਲਬਾਤ ਸ਼ੁਰੂ ਹੋਈ। ਪੋਰਟ ਹਾਕਸਬਰੀ ਦੀ ਇੱਕ ਸੁਵਿਧਾ ਵਿੱਚ ਆਪਣੇ ਪਿਤਾ ਦੀ ਦੇਖਭਾਲ ਨੂੰ ਲੈ ਕੇ ਚਿੰਤਤ ਜੈਮੀ ਵਿੱਟੀ ਦਾ ਕਹਿਣਾ ਹੈ ਕਿ ਯੂਨੀਅਨ ਲਈ ਉਹਨਾਂ ਦਾ ਸਮਰਥਨ ਹੁਣ ਘੱਟ ਰਿਹਾ ਹੈ ਕਿਉਂਕਿ ਕਾਮਿਆਂ ਦੇ ਕੰਮ ਦੇ ਘੰਟੇ ਘੱਟ ਹੋਣ ਕਾਰਨ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹੜਤਾਲ ਸ਼ੁਰੂ ਹੋਈ ਸੀ ਤਾਂ ਮਰੀਜ਼ਾਂ ਨੂੰ ਨਹਾਉਣ ਦੀਆਂ ਸੇਵਾਵਾਂ ਘਟਾ ਦਿੱਤੀਆਂ ਗਈਆਂ ਸਨ ਭਾਵੇਂ ਕਿ ਪਿਛਲੇ 2 ਹਫਤਿਆਂ ਵਿੱਚ ਇਹਨਾਂ ਵਿੱਚ ਕੁਝ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਸਟਾਫ ਦੀ ਘਾਟ ਕਾਰਨ ਭਾਂਡੇ ਧੋਣ ਵਾਲੇ ਨਹੀਂ ਹਨ ਜਿਸ ਕਾਰਨ ਖਾਣਾ ਕਾਗਜ਼ ਦੀਆਂ ਪਲੇਟਾਂ ਵਿੱਚ ਪਰੋਸਿਆ ਜਾ ਰਿਹਾ ਹੈ। ਡਿਮੈਂਸ਼ੀਆ ਦੇ ਮਰੀਜ਼ਾਂ ਨੂੰ ਮਨੋਰੰਜਨ ਸਮਾਗਮਾਂ ਵਿੱਚ ਲਿਜਾਣ ਲਈ ਵੀ ਲੋੜੀਂਦਾ ਸਟਾਫ ਮੌਜੂਦ ਨਹੀਂ ਹੈ। ਵਿੱਟੀ ਦਾ ਮੰਨਣਾ ਹੈ ਕਿ ਬਜ਼ੁਰਗਾਂ ਨੂੰ ਤਨਖਾਹ ਵਧਾਉਣ ਲਈ ਦਬਾਅ ਵਜੋਂ ਵਰਤਣਾ ਇੱਕ ਸਹੀ ਰਣਨੀਤੀ ਨਹੀਂ ਹੈ। ਸੂਬੇ ਭਰ ਦੇ ਲੌਂਗ ਟਰਮ ਕੇਅਰ ਹੋਮਜ਼ ਵਿੱਚ ਯੂਨੀਅਨ ਵਾਲੇ ਕਾਮੇ 13 ਅਪ੍ਰੈਲ ਤੋਂ ਹੜਤਾਲ ਉੱਤੇ ਹਨ। ਬੁੱਧਵਾਰ ਤੱਕ ਇਸ ਹੜਤਾਲ ਵਿੱਚ 36 ਹੋਮਜ਼ ਸ਼ਾਮਲ ਸਨ ਜੋ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਦੇ ਲਗਭਗ 3600 ਮੈਂਬਰਾਂ ਦੀ ਨੁਮਾਇੰਦਗੀ ਕਰਦੇ ਹਨ। ਇਸ ਹੜਤਾਲ ਦਾ ਮੁੱਖ ਮੁੱਦਾ ਤਨਖਾਹਾਂ ਦਾ ਵਾਧਾ ਹੈ। ਸਰਕਾਰ ਅਤੇ ਯੂਨੀਅਨ ਦਾ ਦਾਅਵਾ ਹੈ ਕਿ ਜ਼ਰੂਰੀ ਸੇਵਾਵਾਂ ਬਣਾਈਆਂ ਰੱਖੀਆਂ ਜਾ ਰਹੀਆਂ ਹਨ ਪਰ ਕਈ ਥੈਰੇਪਿਸਟ ਘੱਟ ਘੰਟਿਆਂ ਲਈ ਕੰਮ ਕਰ ਰਹੇ ਹਨ। ਨਰਸਾਂ ਅਤੇ ਸਫਾਈ ਕਰਮਚਾਰੀ ਵੀ ਇਸ ਹੜਤਾਲ ਦਾ ਹਿੱਸਾ ਹਨ। ਬੁੱਧਵਾਰ ਨੂੰ ਸੀਯੂਪੀਈ ਨੇ ਕਿਹਾ ਕਿ ਉਹਨਾਂ ਦੇ ਗੱਲਬਾਤ ਕਰਨ ਵਾਲੇ ਸਰਕਾਰ ਅਤੇ ਨਿੱਜੀ ਤੌਰ ਉੱਤੇ ਚਲਾਏ ਜਾ ਰਹੇ ਕੇਅਰ ਹੋਮਜ਼ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ। ਪਹਿਲੀ ਵਾਰ ਸੂਬੇ ਦਾ ਮੁੱਖ ਸੁਲਾਹ ਅਧਿਕਾਰੀ ਵੀ ਇਸ ਗੱਲਬਾਤ ਵਿੱਚ ਸ਼ਾਮਲ ਹੋਵੇਗਾ। ਯੂਨੀਅਨ ਦੀ ਕੋਆਰਡੀਨੇਟਰ ਕਿਮ ਕੇਲ ਨੇ ਕਿਹਾ ਕਿ ਉਹਨਾਂ ਕੋਲ ਇੱਕ ਨਵਾਂ ਪ੍ਰਸਤਾਵ ਹੈ ਜੋ ਮਾਲਕ ਦੀ ਸ਼ੁਰੂਆਤੀ ਪੇਸ਼ਕਸ਼ ਨਾਲੋਂ ਬਿਹਤਰ ਹੈ। ਸਰਕਾਰ ਦੀ ਤਾਜ਼ਾ ਪੇਸ਼ਕਸ਼ ਵਿੱਚ 4 ਸਾਲਾਂ ਵਿੱਚ 12 ਤੋਂ 24 ਫੀਸਦੀ ਤਨਖਾਹ ਵਾਧਾ ਅਤੇ 2023 ਤੋਂ ਬਕਾਇਆ ਅਦਾਇਗੀ ਸ਼ਾਮਲ ਹੈ। This report was written by Divroop Kaur as part of the Local Journalism Initiative.

