Sunday, May 31, 2026

ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੇ ਮੁੱਦੇ ’ਤੇ ਪ੍ਰੀਮੀਅਰ ਅਤੇ ਪਾਰਟੀ ਪ੍ਰਧਾਨ ਆਹਮੋ-ਸਾਹਮਣੇ

ਸਰੀ, (ਦਿਵਰੂਪ ਕੌਰ): ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ‘ਤੇ ਆਪਣੀ ਹੀ ਪਾਰਟੀ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਨਾਲ ਅਸਹਿਮਤ ਨਜ਼ਰ ਆ ਰਹੀ ਹੈ। ਯੂਸੀਪੀ ਦੇ ਪ੍ਰਧਾਨ ਰੌਬ ਸਮਿਥ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਪਾਰਟੀ ਇਸ ਸਬੰਧੀ ਹੋਣ ਵਾਲੇ ਰੈਫਰੈਂਡਮ ਵਿੱਚ ਕੋਈ ਖਾਸ ਪੱਖ ਨਹੀਂ ਲਵੇਗੀ ਕਿ ਅਲਬਰਟਾ ਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਜਾਂ ਨਹੀਂ। ਪਰ ਪ੍ਰੀਮੀਅਰ ਸਮਿਥ ਨੇ ਇਸ ਦਾ ਸਖ਼ਤ ਜਵਾਬ ਦਿੱਤਾ ਹੈ।
ਬੁੱਧਵਾਰ ਨੂੰ ਇੱਕ ਰੇਡੀਓ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਪਾਰਟੀ ਵੱਲੋਂ ਬੋਲਣ ਦਾ ਅਧਿਕਾਰ ਉਹਨਾਂ ਕੋਲ ਹੈ ਅਤੇ ਪਾਰਟੀ ਦਾ ਸਟੈਂਡ ਬਿਲਕੁਲ ਸਾਫ਼ ਹੈ ਕਿ ਅਲਬਰਟਾ ਕੈਨੇਡਾ ਦੇ ਅੰਦਰ ਹੀ ਰਹੇਗਾ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਬੁਨਿਆਦੀ ਸਿਧਾਂਤਾਂ ਵਿੱਚ ਸ਼ਾਮਲ ਹੈ ਕਿ ਅਸੀਂ ਇੱਕ ਸੰਯੁਕਤ ਕੈਨੇਡਾ ਦੇ ਅੰਦਰ ਅਲਬਰਟਾ ਦੀ ਖੁਦਮੁਖਤਿਆਰੀ ਦਾ ਸਮਰਥਨ ਕਰਦੇ ਹਾਂ ਅਤੇ ਪਾਰਟੀ ਦੇ ਸਾਰੇ ਵਿਧਾਇਕ ਇਸੇ ਆਧਾਰ ‘ਤੇ ਚੁਣੇ ਗਏ ਹਨ। ਉਹਨਾਂ ਮੁਤਾਬਕ ਸਰਕਾਰ ਅਤੇ ਪਾਰਟੀ ਲੋਕਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਕੇ ਕੈਨੇਡਾ ਦੇ ਨਾਲ ਰਹਿਣ ਲਈ ਵਚਨਬੱਧ ਹਨ। ਇੰਟਰਵਿਊ ਦੌਰਾਨ ਜਦੋਂ ਉਹਨਾਂ ਨੂੰ ਅਲਬਰਟਾ ਦੇ ਵੱਖ ਹੋਣ ਦੀ ਸੂਰਤ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਨੇ ਕਈ ਵਿਹਾਰਕ ਮੁਸ਼ਕਲਾਂ ਦਾ ਜ਼ਿਕਰ ਕੀਤਾ। ਪ੍ਰੀਮੀਅਰ ਨੇ ਕਿਹਾ ਕਿ ਇੱਕ ਨਵਾਂ ਦੇਸ਼ ਬਣਾਉਣ ਲਈ ਭਾਰਤੀ ਸ਼ੁਰੂਆਤੀ ਖਰਚੇ ਆਉਣਗੇ, ਕਿਉਂਕਿ ਅਲਬਰਟਾ ਕੋਲ ਆਪਣੀ ਰਾਸ਼ਟਰੀ ਰੱਖਿਆ ਪ੍ਰਣਾਲੀ, ਸੁਤੰਤਰ ਅਦਾਲਤਾਂ ਜਾਂ ਬਾਰਡਰ ਕੰਟਰੋਲ ਵਰਗੀਆਂ ਸਹੂਲਤਾਂ ਨਹੀਂ ਹਨ। ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚਵਨ ਵਰਗੇ ਗੁਆਂਢੀ ਸੂਬਿਆਂ ਵਿੱਚ ਜਾਣ ਵਾਲੇ ਲੋਕਾਂ ਨੂੰ ਪਾਸਪੋਰਟ ਦਿਖਾਉਣੇ ਪੈਣਗੇ, ਜੋ ਕੋਈ ਨਹੀਂ ਚਾਹੇਗਾ।
ਉਹਨਾਂ ਨੇ ਯੂਨਾਈਟਿਡ ਕਿੰਗਡਮ ਭਾਵ ਬ੍ਰੈਗਜ਼ਿਟ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਵੱਖ ਹੋਣ ਤੋਂ ਬਾਅਦ ਉੱਥੇ ਕੋਈ ਵੱਡਾ ਆਰਥਿਕ ਲਾਭ ਨਹੀਂ ਹੋਇਆ, ਸਗੋਂ ਵਪਾਰ, ਯਾਤਰਾ ਅਤੇ ਰੁਜ਼ਗਾਰ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਹੋ ਗਈਆਂ ਹਨ। ਉਹ ਚਾਹੁੰਦੇ ਹਨ ਕਿ ਅਲਬਰਟਾ ਦੇ ਲੋਕ ਇਹਨਾਂ ਸਾਰੀਆਂ ਹਕੀਕਤਾਂ ਨੂੰ ਚੰਗੀ ਤਰ੍ਹਾਂ ਸਮਝਣ। ਜ਼ਿਕਰਯੋਗ ਹੈ ਕਿ ਅਲਬਰਟਾ ਦੇ ਲੋਕ 19 ਅਕਤੂਬਰ ਨੂੰ ਵੋਟ ਪਾਉਣਗੇ ਕਿ ਕੀ ਉਹ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹਨ ਜਾਂ ਵੱਖ ਹੋਣ ਦੀ ਪ੍ਰਕਿਰਿਆ ਲਈ ਦੂਜਾ ਰੈਫਰੈਂਡਮ ਕਰਵਾਉਣਾ ਚਾਹੁੰਦੇ ਹਨ। This report was written by Divroop Kaur as part of the Local Journalism Initiative.

Popular