Sunday, May 31, 2026

ਡਾਕਟਰਾਂ ਦੀ ਘਾਟ ਕਾਰਨ ਮਿਸ਼ਨ ਮੈਮੋਰੀਅਲ ਹਸਪਤਾਲ ਦੀ ਐਮਰਜੈਂਸੀ ਬੰਦ

ਸਰੀ, (ਦਿਵਰੂਪ ਕੌਰ): ਡਾਕਟਰਾਂ ਦੀ ਭਾਰੀ ਘਾਟ ਕਾਰਨ ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਰਾਤ ਭਰ ਲਈ ਬੰਦ ਰਹੇਗਾ। ਫਰੇਜ਼ਰ ਹੈਲਥ ਵੱਲੋਂ ਜਾਰੀ ਕੀਤੀ ਗਈ ਇੱਕ ਨਿਊਜ਼ ਰਿਲੀਜ਼ ਅਨੁਸਾਰ ਇਹ ਆਰਜ਼ੀ ਰੁਕਾਵਟ 25 ਮਈ ਸ਼ਾਮ 5 ਵਜੇ ਤੋਂ ਸ਼ੁਰੂ ਹੋ ਕੇ 26 ਮਈ ਸਵੇਰੇ 8 ਵਜੇ ਤੱਕ ਲਾਗੂ ਰਹੇਗੀ। ਹਾਲਾਂਕਿ ਜਿਹੜੇ ਮਰੀਜ਼ ਸ਼ਾਮ 5 ਵਜੇ ਤੱਕ ਐਮਰਜੈਂਸੀ ਵਿਭਾਗ ਵਿੱਚ ਪਹੁੰਚ ਚੁੱਕੇ ਹੋਣਗੇ ਉਨ੍ਹਾਂ ਦੀ ਜਾਂਚ ਡਾਕਟਰਾਂ ਵੱਲੋਂ ਸ਼ਿਫਟ ਖਤਮ ਹੋਣ ਤੋਂ ਪਹਿਲਾਂ ਕੀਤੀ ਜਾਵੇਗੀ। ਇਸ ਬੰਦੀ ਦੌਰਾਨ ਐਮਰਜੈਂਸੀ ਸਿਖਲਾਈ ਪ੍ਰਾਪਤ ਨਰਸਾਂ ਹਸਪਤਾਲ ਵਿੱਚ ਮੌਜੂਦ ਰਹਿਣਗੀਆਂ ਤਾਂ ਜੋ ਗੰਭੀਰ ਲੋੜ ਵਾਲੇ ਮਰੀਜ਼ਾਂ ਨੂੰ ਨੇੜਲੇ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਸਕੇ। ਫਰੇਜ਼ਰ ਹੈਲਥ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਸਹੀ ਹਸਪਤਾਲ ਵਿੱਚ ਭੇਜਿਆ ਜਾ ਸਕੇ। ਇਹ ਕਟੌਤੀ ਸਿਰਫ ਐਮਰਜੈਂਸੀ ਵਿਭਾਗ ‘ਤੇ ਲਾਗੂ ਹੋਵੇਗੀ ਜਦਕਿ ਹਸਪਤਾਲ ਦੀਆਂ ਬਾਕੀ ਸਾਰੀਆਂ ਸੇਵਾਵਾਂ ਆਮ ਵਾਂਗ ਉਪਲਬਧ ਰਹਿਣਗੀਆਂ। ਮਿਸ਼ਨ ਮੈਮੋਰੀਅਲ ਦਾ ਐਮਰਜੈਂਸੀ ਵਿਭਾਗ ਮਾਰਚ ਵਿੱਚ ਸ਼ੁਰੂ ਹੋਈਆਂ 51 ਲਗਾਤਾਰ ਰਾਤਾਂ ਦੀਆਂ ਘਟਾਈਆਂ ਗਈਆਂ ਸੇਵਾਵਾਂ ਤੋਂ ਬਾਅਦ 4 ਮਈ ਨੂੰ ਮੁੜ ਪੂਰੀ ਕਵਰੇਜ ‘ਤੇ ਆਇਆ ਸੀ। ਫਰੇਜ਼ਰ ਹੈਲਥ ਨੇ ਭਰੋਸਾ ਦਿਵਾਇਆ ਹੈ ਕਿ ਉਹ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਅਤੇ ਹੋਰ ਰੁਕਾਵਟਾਂ ਨੂੰ ਰੋਕਣ ਲਈ ਸਟਾਫ ਦੀ ਭਰਤੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਜਨਵਰੀ 2024 ਵਿੱਚ ਹਸਪਤਾਲ ਵਿੱਚ ਪਾਣੀ ਭਰ ਗਿਆ ਸੀ ਅਤੇ ਹੁਣ 18 ਮਿਲੀਅਨ ਡਾਲਰ ਦੀ ਲਾਗਤ ਨਾਲ ਇਸਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। This report was written by Divroop Kaur as part of the Local Journalism Initiative.

Popular