ਸਰੀ, (ਦਿਵਰੂਪ ਕੌਰ): ਵਿਕਟੋਰੀਆ ਵਿੱਚ ਪਿਛਲੇ 2 ਸਾਲਾਂ ਤੋਂ ਊਬਰ ਚਲਾ ਰਹੇ ਅਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਕੰਮ ਕਾਫੀ ਤਣਾਅਪੂਰਨ ਹੋ ਸਕਦਾ ਹੈ। ਉਹਨਾਂ ਨੇ ਸਵਾਰੀਆਂ ਵੱਲੋਂ ਨਸਲਵਾਦ ਅਤੇ ਝੂਠੀਆਂ ਸ਼ਿਕਾਇਤਾਂ ਦਾ ਸਾਹਮਣਾ ਕੀਤਾ ਹੈ। ਅਮਨਿੰਦਰ ਨੇ ਕਿਹਾ ਕਿ ਪਹਿਲਾਂ ਉਹਨਾਂ ਕੋਲ ਅਜਿਹਾ ਕੋਈ ਪਲੇਟਫਾਰਮ ਨਹੀਂ ਸੀ ਜਿੱਥੇ ਉਹ ਆਪਣੀ ਸਮੱਸਿਆ ਰੱਖ ਸਕਣ। ਪਰ ਪਿਛਲੇ ਸਾਲ ਯੂਨੀਅਨ ਬਣਨ ਤੋਂ ਬਾਅਦ, ਅਮਨਿੰਦਰ ਅਤੇ ਬੀਸੀ ਦੀ ਰਾਜਧਾਨੀ ਦੇ 1000 ਤੋਂ ਵੱਧ ਡਰਾਈਵਰਾਂ ਨੇ 28 ਅਪ੍ਰੈਲ ਨੂੰ ਇੱਕ ਸਮੂਹਿਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਮਝੌਤਾ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਲੋਕਲ 1518 ਅਤੇ ਊਬਰ ਵਿਚਾਲੇ ਹੋਇਆ ਹੈ। ਹੁਣ ਵਿਕਟੋਰੀਆ ਵਿੱਚ ਊਬਰ ਡਰਾਈਵਰਾਂ ਨੂੰ ਪੂਰੀਆਂ ਕੀਤੀਆਂ ਸਵਾਰੀਆਂ ਦੇ ਆਧਾਰ ‘ਤੇ ਸਾਈਨਿੰਗ ਅਤੇ ਤਿਮਾਹੀ ਬੋਨਸ ਮਿਲੇਗਾ। ਇਸ ਤੋਂ ਇਲਾਵਾ ਫੀਸਾਂ ਵਿੱਚ 5 ਫੀਸਦੀ ਸਾਲਾਨਾ ਵਾਧਾ, ਸਿਹਤ ਲਾਭਾਂ ਲਈ 500 ਡਾਲਰ ਅਤੇ ਵਿਵਾਦ ਨਿਪਟਾਰੇ ਲਈ ਇੱਕ ਰਸਮੀ ਪ੍ਰਕਿਰਿਆ ਵੀ ਮਿਲੇਗੀ। 4 ਸਾਲ ਲਈ ਲਾਗੂ ਰਹਿਣ ਵਾਲਾ ਇਹ ਸਮਝੌਤਾ ਊਬਰ ਈਟਸ ਡਰਾਈਵਰਾਂ ਵਰਗੇ ਡਿਲੀਵਰੀ ਕਾਮਿਆਂ ‘ਤੇ ਲਾਗੂ ਨਹੀਂ ਹੋਵੇਗਾ। ਕੈਨੇਡਾ ਵਿੱਚ ਊਬਰ ਯੂਨੀਅਨ ਬਣਾਉਣ ਦਾ ਸੰਘਰਸ਼ ਕਈ ਸਾਲਾਂ ਤੋਂ ਚੱਲ ਰਿਹਾ ਸੀ। ਡਰਾਈਵਰਾਂ ਨੇ ਲੰਬੇ ਸਮੇਂ ਤੱਕ ਕੰਮ ਕਰਨ ਦੇ ਬਾਵਜੂਦ ਘੱਟ ਤਨਖਾਹ ਮਿਲਣ ਅਤੇ ਖਾਤੇ ਬੰਦ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਮਜ਼ਦੂਰ ਮਾਮਲਿਆਂ ਦੇ ਵਕੀਲ ਮਾਈਕਲ ਰਾਈਟ ਨੇ ਕਿਹਾ ਕਿ ਇਹ ਨਵਾਂ ਕੰਟਰੈਕਟ ਇੱਕ ਅਹਿਮ ਪ੍ਰਾਪਤੀ ਹੈ ਕਿਉਂਕਿ ਇਸ ਖੇਤਰ ਨੂੰ ਸੰਗਠਿਤ ਕਰਨਾ ਕਾਫੀ ਚੁਣੌਤੀਪੂਰਨ ਹੈ। ਵਿਕਟੋਰੀਆ ਦੇ ਡਰਾਈਵਰ ਕੈਨੇਡਾ ਵਿੱਚ ਊਬਰ ਨਾਲ ਯੂਨੀਅਨ ਕੰਟਰੈਕਟ ਪ੍ਰਾਪਤ ਕਰਨ ਵਾਲੇ ਪਹਿਲੇ ਕਾਮੇ ਹਨ। ਊਬਰ ਕੈਨੇਡਾ ਨੇ ਕਿਹਾ ਕਿ ਉਹ ਇਸ ਸਮਝੌਤੇ ਤੋਂ ਖੁਸ਼ ਹਨ ਅਤੇ ਇਹ ਕਾਮਿਆਂ ਨੂੰ ਲਚਕਤਾ ਦੇਣ ਅਤੇ ਬਿਹਤਰ ਨੁਮਾਇੰਦਗੀ ਦਾ ਹਿੱਸਾ ਹੈ। ਵਿਕਟੋਰੀਆ ਦੇ ਡਰਾਈਵਰਾਂ ਦੀ ਯੂਨੀਅਨ ਬਣਨ ਪਿੱਛੇ 2023 ਵਿੱਚ ਬੀਸੀ ਦੇ ਰੁਜ਼ਗਾਰ ਕਾਨੂੰਨ ਵਿੱਚ ਹੋਇਆ ਇੱਕ ਬਦਲਾਅ ਹੈ। ਇਸ ਬਦਲਾਅ ਤਹਿਤ ਆਨਲਾਈਨ ਪਲੇਟਫਾਰਮ ਕਾਮਿਆਂ ਨੂੰ ਆਜ਼ਾਦ ਠੇਕੇਦਾਰਾਂ ਦੀ ਬਜਾਏ ਕਰਮਚਾਰੀ ਮੰਨਿਆ ਗਿਆ ਸੀ। ਕੈਨੇਡਾ ਦੇ ਬਾਕੀ ਹਿੱਸਿਆਂ ਵਿੱਚ ਅਜੇ ਤੱਕ ਰਾਈਡ ਸ਼ੇਅਰ ਕਾਮਿਆਂ ਦੀ ਸੁਰੱਖਿਆ ਲਈ ਕਾਨੂੰਨ ਵਿੱਚ ਅਜਿਹੇ ਠੋਸ ਬਦਲਾਅ ਨਹੀਂ ਕੀਤੇ ਗਏ ਹਨ। This report was written by Divroop Kaur as part of the Local Journalism Initiative.

