Sunday, May 31, 2026

ਰਾਇਲ ਕੈਨੇਡੀਅਨ ਏਅਰ ਫੋਰਸ ਲਈ ਸਵੀਡਿਸ਼ ਕੰਪਨੀ ‘ਸਾਬ’ ਨਾਲ ਜਹਾਜ਼ਾਂ ਦਾ ਸੌਦਾ ਕੀਤਾ ਤੈਅ

ਸਰੀ, (ਦਿਵਰੂਪ ਕੌਰ): ਫੈਡਰਲ ਸਰਕਾਰ ਨੇ ਰਾਇਲ ਕੈਨੇਡੀਅਨ ਏਅਰ ਫੋਰਸ ਲਈ ਨਿਗਰਾਨੀ ਜਹਾਜ਼ਾਂ ਦਾ ਇੱਕ ਨਵਾਂ ਬੇੜਾ ਖਰੀਦਣ ਲਈ ਸਵੀਡਿਸ਼ ਰੱਖਿਆ ਕੰਪਨੀ ਸਾਬ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਓਟਾਵਾ ਵਿੱਚ ਕੈਨਸੈਕ ਰੱਖਿਆ ਪ੍ਰਦਰਸ਼ਨੀ ਦੌਰਾਨ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਪਹਿਲਾਂ ਦੱਸਿਆ ਸੀ ਕਿ ਦੇਸ਼ ਨੂੰ 6 ਆਧੁਨਿਕ ਅਰਲੀ ਵਾਰਨਿੰਗ ਰਡਾਰ ਜਹਾਜ਼ਾਂ ਦੀ ਲੋੜ ਹੈ। ਇਹ ਜਹਾਜ਼ ਸਾਬ ਕੰਪਨੀ ਦੁਆਰਾ ਬੰਬਾਰਡੀਅਰ ਦੇ ਗਲੋਬਲ 6500 ਬਿਜ਼ਨਸ ਜੈੱਟ ਦੇ ਆਧਾਰ ‘ਤੇ ਤਿਆਰ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਗਲੋਬਲਆਈ ਨਿਗਰਾਨੀ ਜਹਾਜ਼ 650 ਕਿਲੋਮੀਟਰ ਦੀ ਦੂਰੀ ਤੱਕ ਕਿਸੇ ਵੀ ਵਸਤੂ ਜਾਂ ਸਿਗਨਲ ਨੂੰ ਟਰੈਕ ਕਰਨ ਦੇ ਸਮਰੱਥ ਹਨ ਅਤੇ ਇਹ ਜਾਣਕਾਰੀ ਕੈਨੇਡੀਅਨ ਫੌਜ ਅਤੇ ਸਹਿਯੋਗੀਆਂ ਨਾਲ ਤੁਰੰਤ ਸਾਂਝੀ ਕੀਤੀ ਜਾ ਸਕੇਗੀ। ਮਾਰਕ ਕਾਰਨੀ ਇਸ ਸਾਲਾਨਾ ਰੱਖਿਆ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ, ਜੋ ਉਹਨਾਂ ਦੇ ਦੇਸ਼ ਦੇ ਫੌਜੀ ਆਧੁਨਿਕੀਕਰਨ ਅਤੇ ਘਰੇਲੂ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਦੇ ਇਰਾਦੇ ਨੂੰ ਦਰਸਾਉਂਦਾ ਹੈ। ਕਾਰਲਟਨ ਯੂਨੀਵਰਸਿਟੀ ਦੇ ਰੱਖਿਆ ਮਾਹਰ ਪ੍ਰੋਫੈਸਰ ਫਿਲਿਪ ਲਾਗਾਸੇ ਅਨੁਸਾਰ, ਇਹ ਫੈਸਲਾ ਅਮਰੀਕੀ ਰੱਖਿਆ ਉਦਯੋਗ ‘ਤੇ ਨਿਰਭਰਤਾ ਘਟਾਉਣ ਅਤੇ ਯੂਰਪੀਅਨ ਭਾਈਵਾਲਾਂ ਨਾਲ ਸਬੰਧ ਵਧਾਉਣ ਵੱਲ ਇੱਕ ਅਹਿਮ ਕਦਮ ਹੈ। ਇਹਨਾਂ ਜਹਾਜ਼ਾਂ ਵਿੱਚ 20 ਫੀਸਦੀ ਸਮੱਗਰੀ ਅਮਰੀਕੀ ਹੋਵੇਗੀ। ਬੰਬਾਰਡੀਅਰ ਇਹਨਾਂ ਜੈੱਟਾਂ ਦਾ ਨਿਰਮਾਣ ਟੋਰਾਂਟੋ ਖੇਤਰ ਵਿੱਚ ਕਰਦੀ ਹੈ, ਜਦਕਿ ਸਾਬ ਕੰਪਨੀ ਸਵੀਡਨ ਵਿੱਚ ਫੌਜੀ ਉਪਕਰਣ ਸਥਾਪਤ ਕਰਦੀ ਹੈ। ਪਰ ਹੁਣ ਸਾਬ ਇਹ ਕੰਮ ਕੈਨੇਡਾ ਵਿੱਚ ਹੀ ਕਰੇਗੀ ਤਾਂ ਜੋ ਇੱਥੋਂ ਨਿਰਯਾਤ ਨੂੰ ਵੀ ਹੁਲਾਰਾ ਦਿੱਤਾ ਜਾ ਸਕੇ। ਸਾਬ ਦੇ ਸੀਈਓ ਮਾਈਕਲ ਜੋਹਾਨਸਨ ਨੇ ਦੱਸਿਆ ਕਿ ਉਹ ਕੈਨੇਡਾ ਵਿੱਚ ਇੱਕ ਉਦਯੋਗਿਕ ਹੱਬ ਸਥਾਪਤ ਕਰਨਗੇ ਤਾਂ ਜੋ ਜਹਾਜ਼ਾਂ ਦਾ ਨਿਰਮਾਣ ਸਥਾਨਕ ਪੱਧਰ ‘ਤੇ ਤੇਜ਼ੀ ਨਾਲ ਕੀਤਾ ਜਾ ਸਕੇ। ਕੈਨੇਡੀਅਨ ਰੱਖਿਆ ਮੰਤਰਾਲੇ ਨੇ ਇਸ ਸੌਦੇ ਲਈ ਅਮਰੀਕੀ ਕੰਪਨੀਆਂ ਬੋਇੰਗ ਅਤੇ ਐਲ3ਹੈਰਿਸ ਦੇ ਉਤਪਾਦਾਂ ‘ਤੇ ਵੀ ਵਿਚਾਰ ਕੀਤਾ ਸੀ, ਪਰ ਅੰਤ ਵਿੱਚ ਸਵੀਡਿਸ਼ ਮਾਡਲ ਨੂੰ ਚੁਣਿਆ ਗਿਆ। ਫਾਈਟਰ ਜੈੱਟਾਂ ਦੀ ਖਰੀਦ ਸਬੰਧੀ ਅਜੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਹੈ, ਜਿੱਥੇ ਸਾਬ ਦਾ ਗ੍ਰਿਪਨ ਜਹਾਜ਼ ਅਮਰੀਕੀ ਐਫ-35 ਜਹਾਜ਼ ਨੂੰ ਟੱਕਰ ਦੇ ਰਿਹਾ ਹੈ। ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਕਾਰਨ 88 ਐਫ-35 ਜਹਾਜ਼ਾਂ ਦਾ ਆਰਡਰ ਪਿਛਲੇ 1 ਸਾਲ ਤੋਂ ਸਿਆਸੀ ਸਮੀਖਿਆ ਦੇ ਘੇਰੇ ਵਿੱਚ ਹੈ। This report was written by Divroop Kaur as part of the Local Journalism Initiative.

Popular