Sunday, May 31, 2026

ਗਾਜ਼ਾ ਲਈ ਰਾਹਤ ਸਮੱਗਰੀ ਲਿਜਾਣ ਵਾਲੇ ਕੈਨੇਡੀਅਨਾਂ ਦੀ ਵਤਨ ਵਾਪਸੀ

ਸਰੀ, (ਦਿਵਰੂਪ ਕੌਰ): ਗਾਜ਼ਾ ਦੀ ਸਮੁੰਦਰੀ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਫਲੋਟਿਲਾ ਵਿੱਚ ਸ਼ਾਮਲ ਕੁੱਝ ਕੈਨੇਡੀਅਨ ਨਾਗਰਿਕ ਇਸ ਹਫਤੇ ਦੇ ਅੰਤ ਤੱਕ ਕੈਨੇਡਾ ਪਰਤਣ ਵਾਲੇ ਹਨ। ਇਹਨਾਂ ਕੈਨੇਡੀਅਨਾਂ ਨੂੰ ਪਿਛਲੇ ਹਫਤੇ ਇਜ਼ਰਾਈਲੀ ਬਲਾਂ ਨੇ ਹਿਰਾਸਤ ਵਿੱਚ ਲਿਆ ਸੀ ਅਤੇ ਖਬਰਾਂ ਮੁਤਾਬਕ ਤੁਰਕੀ ਭੇਜੇ ਜਾਣ ਤੋਂ ਪਹਿਲਾਂ ਹਿਰਾਸਤ ਦੌਰਾਨ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ।
ਇਸ ਮੁਹਿੰਮ ਨੂੰ ਆਯੋਜਿਤ ਕਰਨ ਵਾਲੇ ਗਲੋਬਲ ਸੁਮੂਦ ਫਲੋਟਿਲਾ ਦਾ ਕਹਿਣਾ ਹੈ ਕਿ ਫਲੋਟਿਲਾ ਵਿੱਚ ਸ਼ਾਮਲ 12 ਵਿੱਚੋਂ 9 ਕੈਨੇਡੀਅਨ ਤੁਰਕੀ ਤੋਂ ਮਾਂਟਰੀਅਲ, ਟੋਰਾਂਟੋ ਅਤੇ ਵੈਨਕੂਵਰ ਦੇ ਹਵਾਈ ਅੱਡਿਆਂ ‘ਤੇ ਅੱਜ ਅਤੇ ਕੱਲ੍ਹ ਪਹੁੰਚ ਰਹੇ ਹਨ। ਬਾਕੀ 3 ਵਿੱਚੋਂ ਇੱਕ ਵਿਅਕਤੀ ਅਜੇ ਵੀ ਤੁਰਕੀ ਵਿੱਚ ਹੈ ਅਤੇ ਦੋ ਹੋਰ ਮੰਜ਼ਿਲਾਂ ਵੱਲ ਜਾ ਰਹੇ ਹਨ। ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਦੱਸਿਆ ਕਿ ਤੁਰਕੀ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਨੇਡੀਅਨਾਂ ਨੂੰ ਹਿਰਾਸਤ ਦੌਰਾਨ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਤੁਰਕੀ ਵਿੱਚ ਡਾਕਟਰੀ ਇਲਾਜ ਲੈ ਰਹੇ ਹਨ।
ਇਜ਼ਰਾਈਲੀ ਜੇਲ੍ਹ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਤੋਂ ਇਨਕਾਰ ਕੀਤਾ ਹੈ। ਇਹ ਕੈਨੇਡੀਅਨ ਉਹਨਾਂ 41 ਕਿਸ਼ਤੀਆਂ ‘ਤੇ ਸਵਾਰ 420 ਵਿਅਕਤੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਇਜ਼ਰਾਈਲ ਨੇ ਉਸ ਸਮੇਂ ਰੋਕ ਲਿਆ ਸੀ ਜਦੋਂ ਉਹ ਗਾਜ਼ਾ ਲਈ ਪ੍ਰਤੀਕਾਤਮਕ ਮਾਤਰਾ ਵਿੱਚ ਰਾਹਤ ਸਮੱਗਰੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਅਕਤੂਬਰ 2023 ਦੇ ਹਮਲੇ ਤੋਂ ਬਾਅਦ ਇਜ਼ਰਾਈਲ ਵੱਲੋਂ ਲਾਈਆਂ ਪਾਬੰਦੀਆਂ ਕਾਰਨ ਗਾਜ਼ਾ ਵਿੱਚ ਮਨੁੱਖੀ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ।
ਕੈਨੇਡੀਅਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਇਜ਼ਰਾਈਲ ਦੇ ਕੌਮੀ ਸੁਰੱਖਿਆ ਮੰਤਰੀ ਇਟਾਮਾਰ ਬੈਨ-ਗਵੀਰ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ਵਿੱਚ ਉਹ ਜ਼ਮੀਨ ‘ਤੇ ਗੋਡਿਆਂ ਭਾਰ ਬੈਠੇ ਕਾਰਕੁੰਨਾਂ ਦਾ ਮਜ਼ਾਕ ਉਡਾ ਰਹੇ ਸਨ। ਗਲੋਬਲ ਅਫੇਅਰਜ਼ ਕੈਨੇਡਾ ਨੇ ਕੈਨੇਡਾ ਵਿੱਚ ਇਜ਼ਰਾਈਲ ਦੇ ਰਾਜਦੂਤ ਇਡੋ ਮੋਏਡ ਨੂੰ ਤਲਬ ਕਰਕੇ ਨਾਗਰਿਕਾਂ ਨਾਲ ਹੋਏ ਮਾੜੇ ਸਲੂਕ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। This report was written by Divroop Kaur as part of the Local Journalism Initiative.

Popular