ਸਰੀ, (ਦਿਵਰੂਪ ਕੌਰ): ਕਈ ਮਹੀਨਿਆਂ ਦੀਆਂ ਅਫਵਾਹਾਂ ਤੋਂ ਬਾਅਦ ਆਖਰਕਾਰ ਡਾਇਲਨ ਕਰੂਗਰ ਨੇ ਡੈਲਟਾ ਦੇ ਅਗਲੇ ਮੇਅਰ ਵਜੋਂ ਚੋਣ ਲੜਨ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਕੈਸਕੇਡਜ਼ ਕੈਸੀਨੋ ਡੈਲਟਾ ਵਿਖੇ ਬੁੱਧਵਾਰ ਸ਼ਾਮ ਨੂੰ 2 ਵਾਰ ਕੌਂਸਲਰ ਰਹਿ ਚੁੱਕੇ ਕਰੂਗਰ ਨੇ ਆਪਣੀ ਵਨ ਡੈਲਟਾ ਟੀਮ ਦੀ ਮੁਹਿੰਮ ਸ਼ੁਰੂ ਕੀਤੀ। ਉਹਨਾਂ ਨੇ ਬੁਨਿਆਦੀ ਢਾਂਚੇ, ਜਨਤਕ ਸੁਰੱਖਿਆ, ਜ਼ਿੰਮੇਵਾਰ ਖਰਚਿਆਂ ਅਤੇ ਆਰਥਿਕ ਵਿਕਾਸ ਉੱਤੇ ਧਿਆਨ ਕੇਂਦਰਿਤ ਕਰਨ ਦਾ ਵਾਅਦਾ ਕੀਤਾ ਹੈ। ਕਰੂਗਰ ਨੇ ਕਿਹਾ ਕਿ ਡੈਲਟਾ ਕੈਨੇਡਾ ਦੇ ਸਭ ਤੋਂ ਬਿਹਤਰੀਨ ਭਾਈਚਾਰਿਆਂ ਵਿੱਚੋਂ ਇੱਕ ਹੈ ਅਤੇ ਉਹਨਾਂ ਦੀ ਟੀਮ ਇਸਨੂੰ ਹੋਰ ਅੱਗੇ ਲਿਜਾਣ ਦੀ ਸਮਰੱਥਾ ਰੱਖਦੀ ਹੈ।
ਕਰੂਗਰ ਨੇ ਆਪਣੀ ਟੀਮ ਦੇ 13 ਉਮੀਦਵਾਰਾਂ ਦਾ ਐਲਾਨ ਵੀ ਕੀਤਾ। ਸਿਟੀ ਕੌਂਸਲ ਲਈ ਜੈਨੀਫਰ ਜੋਹਲ, ਰੋਡ ਬਾਈਂਡਰ, ਡੇਨੀਅਲ ਬੋਇਸਵਰਟ, ਸਿਲਵੀਆ ਬਿਸ਼ਪ, ਸਾਰਾਹ ਗੈਲਪ ਅਤੇ ਪਵਨ ਜੋਸ਼ੀ ਚੋਣ ਮੈਦਾਨ ਵਿੱਚ ਹਨ। ਸਕੂਲ ਬੋਰਡ ਲਈ ਮੌਜੂਦਾ ਟਰੱਸਟੀ ਐਮਨ ਢਿੱਲੋਂ, ਮਾਸਾਕੋ ਗੂਚ ਅਤੇ ਵੈਲ ਵਿੰਡਸਰ ਦੇ ਨਾਲ ਜੈਸੀ ਬੀਅਰਮੈਨ, ਤਾਮਾਰਾ ਬਿਸੈੱਟ-ਲਾਜ਼ਾ, ਗੁਰਿੰਦਰ ਕਾਹਲੋਂ ਅਤੇ ਸੁਰਜ ਉੱਪਲ ਚੋਣ ਲੜਨਗੇ। ਆਪਣੇ ਬਿਆਨ ਵਿੱਚ ਕਰੂਗਰ ਨੇ ਮੌਜੂਦਾ ਮੇਅਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਮ ਨਿਵਾਸੀਆਂ ਦੀਆਂ ਸਮੱਸਿਆਵਾਂ ਤੋਂ ਦੂਰ ਹੋ ਗਏ ਹਨ। ਉਹਨਾਂ ਸਪੱਸ਼ਟ ਕੀਤਾ ਕਿ ਟੈਕਸਦਾਤਾਵਾਂ ਦਾ ਪੈਸਾ ਅੰਤਰਰਾਸ਼ਟਰੀ ਯਾਤਰਾਵਾਂ ਲਈ ਨਹੀਂ ਹੈ ਅਤੇ ਜਨਤਾ ਦੀ ਰਾਏ ਲੋਕਤੰਤਰ ਦਾ ਅਹਿਮ ਹਿੱਸਾ ਹੈ। ਇਸੇ ਲਈ ਵਨ ਡੈਲਟਾ ਟੀਮ ਸਿਟੀਜ਼ਨ ਕਮੇਟੀਆਂ ਨੂੰ ਮੁੜ ਬਹਾਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। This report was written by Divroop Kaur as part of the Local Journalism Initiative.

